ਅਨੰਦ ਕਾਰਜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦ ਕਾਰਜ : ਦਾ ਸ਼ਾਬਦਿਕ ਅਰਥ ਹੈ ਖੁਸ਼ੀ ਮਨਾਉਣ ਦਾ ਮੌਕਾ ਜੋ ਸਿੱਖ ਵਿਆਹ ਨੂੰ ਦਿੱਤਾ ਗਿਆ ਨਾਂ ਹੈ। ਸਿੱਖਾਂ ਲਈ ਵਿਆਹੇ ਹੋਣਾ ਇਕ ਕਸਵੱਟੀ ਅਤੇ ਆਦਰਸ਼ ਹੈ। ਇਸ ਰਾਹੀਂ ਉਹਨਾਂ ਦੇ ਵਿਸ਼ਵਾਸ਼ ਅਨੁਸਾਰ ਪਰਮਾਤਮਾ ਦੀ ਇੱਛਾ ਪੂਰੀ ਕਰਨ ਅਤੇ ਮਨੁੱਖਤਾ ਦੀ ਭਲਾਈ ਕਰਨ ਦੇ ਸਭ ਤੋਂ ਵਧੀਆ ਮੌਕੇ ਪ੍ਰਾਪਤ ਹੁੰਦੇ ਹਨ ਅਤੇ ਇਸ ਰਾਹੀਂ ਵਿਅਕਤੀ ਨੂੰ ਪੂਰਨਤਾ ਅਤੇ ਅਨੰਦ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਅਵਸਰ ਮਿਲਦੇ ਹਨ। ਸਿੱਖ ਧਰਮ ਭਿਕਸ਼ੂ ਜੀਵਨ , ਬ੍ਰਹਮਚਾਰੀ ਜੀਵਨ, ਤਿਆਗੀ ਜਾਂ ਸੰਨਿਆਸੀ ਜੀਵਨ ਦਾ ਖੰਡਨ ਕਰਦਾ ਹੈ। ਪੱਛਮ ਦੇ ਵਿਪਰੀਤ ਸਿੱਖਾਂ ਵਿਚ ਜ਼ਿਆਦਾਤਰ ਵਿਆਹ, ਜਿਵੇਂ ਕਿ ਸਾਰੇ ਭਾਰਤ ਵਿਚ ਵੀ ਹੈ ਮਾਤਾ ਪਿਤਾ ਰਾਹੀਂ ਕਰਵਾਏ ਜਾਂਦੇ ਹਨ। ਮਾਤਾ ਪਿਤਾ ਦਾ ਇਹ ਫ਼ਰਜ਼ ਸਮਝਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਦਾ ਪ੍ਰਬੰਧ ਕਰਨ ਅਤੇ ਉਸ ਵਿਚ ਆਪਣੇ ਵਲੋਂ ਯੋਗਦਾਨ ਪਾਉਣ। ਸਿੱਖ ਰਹਿਤ ਮਰਯਾਦਾ ਉਤੇ ਅਠਾਰਵੀਂ ਸਦੀ ਦੀ ਇੱਕ ਰਚਨਾ ਪ੍ਰੇਮ ਸੁਮਾਰਗ ਵਿਚ ਲਿਖਿਆ ਹੈ :

          ਪ੍ਰਥਮੈ ਕੰਨਿਆ ਜਬ ਵਰ-ਜੋਗ ਪ੍ਰਾਪਤਿ ਹੋਇ,ਤਬ ਮਾਤਾ ਪਿਤਾ ਕਉ ਚਾਹੀਐ, ਜੁ ਸੰਜੋਗ ਕਰਨੇ ਕਾ ਉੱਦਮ ਕਰਨ। ਅਰੁ ਛੋਟੀ ਬਾਲਕੀ ਕਾ ਸੰਜੋਗ ਕਰਨਾ ਕਲੂ ਕਾਲ ਮੈ ਭਲਾ ਹੈ। ਅਰੁ ਸੰਜੋਗ ਤਬ ਕੈਸੇ ਕੁਲ ਬਿਖੈ ਕਰੇ ? ਜਿਥੇ ਸਿੱਖੀ ਅਕਾਲ ਪੁਰਖ ਦੀ ਹੋਇ। ਖਾਲਸਾ ਗਰੀਬ ਕ੍ਰਿਤੀ ਹੋਵੈ।। ਤਹਾਂ ਸੰਜੋਗ ਬਿਨਾ ਪੁਛੇ ਕਰੈ। ਉਸਕੀ ਸ਼੍ਰੀਅਕਾਲ ਪੁਰਖ ਨਾਲ ਬਨਿ ਆਵੈ।। ਮਾਇਆ ਧਨ ਦੇਖੈ ਨਾਹੀ।। ਗੁਰੂ ਨਿਰੰਕਾਰ ਦੀ ਆਸ ਭਰੋਸੇ ਉਪਰਿ ਦੇਵੈ ; ਸੰਜੋਗ ਕਰੇ।ਗੁਰੂ ਭਾਵੇ ਤਾਂ ਬੇਟੀ ਬਹੁਤ ਸੁਖੀ ਹੋਇ ਅਤੇ ਮਾਤਾ ਪਿਤਾ ਕਉ ਖੁਸ਼ੀ ਦੇਵੈ।।1।। ਜੋ ਕਿਛੁ ਸਰੰਜਾਮ ਸੰਜੋਗ ਕਾ ਕਰੇ ; ਸੋ ਜਥਾ ਸਕਤਿ ਕਰੇ। ਅਰੁ ਏਹੀ ਜੁਗਤਿ ਕਰੇ। ਸੰਸਾਰੀ ਹੰਕਾਰੀ ਕੀ ਰਉਂਸ ਨਾ ਕਰੇ।। ਅਉਰ ਯੇਹੀ ਜੁਗਤਿ ਬੇਟੇ ਵਾਲਾ ਕਰੇ। ਬੇਮਤਲਬ ਜੋ ਮਾਇਆ ਵਲਿ ਆਸ ਨ ਕਰਿ ਬੈਠੇ ; ਗੁਰਮੁਖਿ ਹੋਵੈ ; ਤਿਸਨੋ ਸੰਜੋਗ ਬਿਧਿ ਕਰਨੇ ਕੀ ਨਿਮਿਤ, ਸੰਜੋਗ ਬਿਖੈ ਬੈਠਾਈਐ। ਉਸ ਪਾਸ ਤੇ ਸੰਜੋਗ ਬਿਧਿ ਕਰਾਈਐ।।7।।

    ਇਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਬਾਰੇ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਇਕ ਪੁਸਤਕ (ਨੇਮਾਵਲੀ) ਸਿੱਖ ਰਹਿਤ ਮਰਯਾਦਾ, ਸਿੱਖ ਵਿਵਹਾਰ ਅਤੇ ਰੀਤੀ ਰਿਵਾਜਾਂ ਉੱਤੇ ਚਾਨਣਾ ਪਾਉਂਦੀ ਹੈ ਜਿਸ ਵਿਚ ਬਿਨਾਂ ਜਾਤ ਪਾਤ ਦੇ ਵਿਚਾਰ ਦੇ ਸਿੱਖ ਲੜਕੀ ਦੇ ਸਿੱਖ ਲੜਕੇ ਨਾਲ ਹੀ ਵਿਆਹ ਦੀ ਗੱਲ ਕਹੀ ਗਈ ਹੈ। ਇਸ ਅਨੁਸਾਰ ਬੱਚੇ ਦੇ ਵਿਆਹ ਉਤੇ ਪਾਬੰਦੀ ਹੈ, ਵਿਧਵਾ ਵਿਆਹ ਦੀ ਪਰਵਾਨਗੀ ਹੈ ਅਤੇ ਇਹ ਆਦੇਸ਼ ਹੈ ਕਿ ਸਿੱਖ੍ ਵਿਆਹ, ਅਨੰਦ ਵਿਆਹ ਦੀਆਂ ਰਸਮਾਂ ਅਧੀਨ ਹੀ ਹੋਣਾ ਚਾਹੀਦਾ ਹੈ।ਅਨੰਦ ਵਿਆਹ ਐਕਟ 1909 ਇਸ ਨੂੰ ਕਾਨੂੰਨੀ ਪਰਵਾਨਗੀ ਦਿੰਦਾ ਹੈ ਅਤੇ ਇਸ ਰੀਤੀ ਨਾਲ ਕੀਤੇ ਹੋਏ ਵਿਆਹ ਨੂੰ ਉਚਿਤ ਠਹਿਰਾਉਂਦਾ ਹੈ। ਸੈਕਸ਼ਨ 2, ਐਕਟ ਦਾ ਕਾਰਜਸ਼ੀਲ ਹਿੱਸਾ , ਇਸ ਤਰ੍ਹਾਂ ਹੈ:

    ਸਾਰੇ ਵਿਆਹ ਜੋ ਹੋਏ ਹਨ ਜਾਂ ਸਿੱਖ ਵਿਆਹ (ਅਨੰਦ) ਰੀਤੀਆਂ ਅਨੁਸਾਰ ਹੋ ਚੁੱਕੇ ਹਨ ਵਿਆਹ ਦੀ ਮਿਤੀ ਤੋਂ ਹੀ ਕ੍ਰਮਵਾਰ ਕਾਨੂੰਨ ਅਨੁਸਾਰ ਠੀਕ ਅਤੇ ਉਚਿਤ ਮੰਨੇ ਜਾਣਗੇ।

    ‘ਅਨੰਦ` ਵਿਆਹ ਦਾ ਇਤਿਹਾਸ ਗੁਰੂ ਅਮਰਦਾਸ ਜੀ (1479-1574) ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੇ ਰਾਮਕਲੀ ਰਾਗ ਵਿਚ 40 ਪਉੜੀਆਂ ਦੀ ਇਕ ਲੰਮੀ ਬਾਣੀ ਅਨੰਦ ਦੀ ਰਚਨਾ ਕੀਤੀ ਜਿਸਦਾ ਸਾਰੇ ਧਾਰਮਿਕ ਮਹੱਤਤਾ ਵਾਲੇ ਅਵਸਰਾਂ ਉੱਤੇ ਗਾਇਨ ਅਤੇ ਪਾਠ ਕਰਨਾ ਯੋਗ ਮੰਨਿਆ ਗਿਆ ਹੈ। ਉਹਨਾਂ ਦੇ ਉਤਰਧਿਕਾਰੀ, ਗੁਰੂ ਰਾਮਦਾਸ ਜੀ ਨੇ ਚਾਰ ਪਦਿਆਂ ਦੇ ਸ਼ਬਦ ‘ਲਾਵਾਂ` ਦੀ ਰਚਨਾ ਕੀਤੀ ਜਿਸ ਦਾ ਵਿਆਹ ਸਮੇਂ ਪਾਠ ਅਤੇ ਕੀਰਤਨ ਕੀਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉਤਰਾਧਿਕਾਰੀਆਂ ਦੇ ਸਮੇਂ ਦਰਬਾਰ ਵਿਚ ਅਤੇ ਸਮਾਜ ਵਿਚ ਬ੍ਰਾਹਮਣੀ ਪ੍ਰਭਾਵ ਦੀ ਮੁੜ ਸੁਰਜੀਤੀ ਕਾਰਨ ਇਹ ਰੀਤੀ ਵਰਤੋਂ ਵਿਚ ਆਉਣੀ ਲਗਭਗ ਬੰਦ ਹੋ ਗਈ ਸੀ। 19ਵੀਂ ਸਦੀ ਦੇ ਅੱਧ ਵਿਚ ਨਿਰੰਕਾਰੀ ਸੁਧਾਰ ਲਹਿਰ ਨੇ ਅਨੰਦ ਰੀਤੀ ਰਿਵਾਜ ਦੀ ਕ੍ਰਿਆ ਨੂੰ ਆਪਣੇ ਪ੍ਰੋਗਰਾਮਾਂ ਦੀ ਜ਼ਰੂਰੀ ਮੱਦ ਬਣਾਇਆ ਜਿਸ ਨੇ ਪਿੱਛੋਂ ਜਾ ਕੇ ਸਿੰਘ ਸਭਾ ਨੂੰ ਬਹੁਤ ਪ੍ਰਭਾਵਿਤ ਕੀਤਾ। ਪਰੰਤੂ ਆਰੀਆ ਸਮਾਜੀਆਂ ਅਤੇ ਬ੍ਰਾਹਮਣੀ ਪੁਜਾਰੀ ਸ਼੍ਰੇਣੀ ਵਲੋਂ ਇਸਦਾ ਵਿਰੋਧ ਕੀਤਾ ਜਾਂਦਾ ਸੀ, ਕਿਉਂਕਿ ਆਰੀਆ ਸਮਾਜੀ ਇਹ ਸਿੱਧ ਕਰਨ ਦੇ ਇੱਛੁਕ ਸਨ ਕਿ ਸਿੱਖ ਹਿੰਦੂਆਂ ਦੀ ਇਕ ਸੰਪਰਦਾਇ ਹਨ ਅਤੇ ਇਸ ਲਈ ਹਿੰਦੂ ਕਾਨੂੰਨ ਦੇ ਅਧੀਨ ਹਨ ਅਤੇ ਬ੍ਰਾਹਮਣ ਪੁਜ਼ਾਰੀ ਸ਼੍ਰੇਣੀ ਨੂੰ ਇਹ ਡਰ ਸੀ ਕਿ ਉਨ੍ਹਾਂ ਦੀ ਗਾਹਕੀ ਅਤੇ ਆਮਦਨੀ ਘਟ ਜਾਵੇਗੀ। 1909 ਵਿਚ ਅਨੰਦ ਵਿਆਹ ਐਕਟ ਦੇ ਪਾਸ ਹੋਣ ਨਾਲ ਸਿੱਖ ਵਿਆਹ ਦੀ ਰੀਤੀ ਨੂੰ ਦਰਅਸਲ ਪਰਵਾਨਗੀ ਮਿਲ ਗਈ। ਹੁਣ ਸਿੱਖ ਹਰ ਥਾਂ ਇਸ ਅਨੁਸਾਰ ਹੀ ਵਿਆਹ ਸ਼ਾਦੀਆਂ ਕਰਦੇ ਹਨ।

    ਸਿੱਖ ਰਹਿਤ ਮਰਯਾਦਾ ਅਨੁਸਾਰ, ਵਿਆਹ ਤੋਂ ਪਹਿਲਾਂ ਮੰਗਣੀ ਦੀ ਰਸਮ ਕੋਈ ਬਹੁਤੀ ਜ਼ਰੂਰੀ ਨਹੀਂ ਹੈ ਪਰੰਤੂ ਜੇਕਰ ਦੋਵੇ ਧਿਰਾਂ ਇਸ ਤਰਾਂ ਚਾਹੁੰਣ ਤਾਂ ਆਮ ਤੌਰ ਤੇ ਲੜਕੇ ਦੇ ਘਰ ਮੰਗਣੀ ਦੀ ਰਸਮ ਹੁੰਦੀ ਹੈ ਜਿਥੇ ਲੜਕੀ ਦੇ ਕੁਝ ਨੇੜੇ ਦੇ ਰਿਸ਼ਤੇਦਾਰ ਤੋਹਫੇ , ਮਿਠਾਈਆਂ ਅਤੇ ਫਲ ਲੈ ਕੇ ਜਾਂਦੇ ਹਨ।ਇਨ੍ਹਾਂ ਤੋਹਫਿਆਂ ਵਿਚ ਹੋਣ ਵਾਲੇ ਲਾੜੇ ਲਈ ਇਕ ਅੰਗੂਠੀ , ਜਾਂ ਕੜਾ ਅਤੇ ਕਿਰਪਾਨ ਆਦਿ ਸ਼ਾਮਲ ਹੁੰਦੇ ਹਨ। ਇਹ ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸੰਗਤ ਰੂਪ ਵਿਚ ਇੱਕਠੇ ਹੋਏ ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਹਾਜ਼ਰੀ ਵਿਚ ਦਿੱਤੇ ਜਾਂਦੇ ਹਨ। ਖਾਣ ਲਈ ਛੁਹਾਰਾ ਦਿੱਤਾ ਜਾਂਦਾ ਹੈ ਜਿਸ ਨੂੰ ਲੜਕਾ ਥੋੜਾ ਜਿਹਾ ਖਾਂਦਾ ਹੈ ਜਿਸ ਦਾ ਭਾਵ ਹੈ ਕਿ ਲੜਕੇ ਨੂੰ ਇਹ ਰਿਸ਼ਤਾ ਅਤੇ ਤੋਹਫੇ ਪਰਵਾਨ ਹਨ। ਇਹ ਰਸਮ ਸਿਰਵਾਰਨਾ (ਲੜਕੇ ਦੇ ਸਿਰ ਤੋਂ ਪੈਸੇ ਵਾਰ ਕੇ ਦਾਨ ਦੇਣਾ) ਅਤੇ ਅਰਦਾਸ ਨਾਲ ਖਤਮ ਹੁੰਦੀ ਹੈ।

    ਵਿਆਹ ਦੀ ਅਸਲੀ ਰਸਮ ਲੜਕੀ ਦੇ ਘਰ ਹੁੰਦੀ ਹੈ।ਦੋਹਾਂ ਧਿਰਾਂ ਦੀ ਸਲਾਹ ਨਾਲ ਵਿਆਹ ਦੀ ਮਿਤੀ ਨਿਸ਼ਚਿਤ ਕਰ ਲਈ ਜਾਂਦੀ ਹੈ। ਸਿੱਖ ਧਰਮ ਵਿਚ ਜੋਤਿਸ਼ ਸੰਬੰਧੀ ਜਾਂ ਜਨਮਕੁੰਡਲੀ ਸੰਬੰਧੀ ਵਿਚਾਰਾਂ ਦੀ ਪਰਵਾਨਗੀ ਨਹੀਂ ਹੈ। ਆਪਸ ਵਿਚ ਮਿਲ ਕੇ ਹੀ ਬਰਾਤ ਦੀ ਗਿਣਤੀ, ਪਹੁੰਚਣ ਦਾ ਸਮਾਂ , ਵਿਦਾਇਗੀ ਦਾ ਸਮਾਂ ਅਤੇ ਠਹਿਰਨ ਦਾ ਸਮਾਂ ਮਿਥ ਲਏ ਜਾਂਦੇ ਹਨ ਤਾਂ ਕਿ ਲੜਕੀ ਦੇ ਮਾਪੇ ਯੋਗ ਪ੍ਰਬੰਧ ਕਰ ਸਕਣ ।ਵਿਆਹ ਲਈ ਤੁਰਨ ਤੋਂ ਪਹਿਲਾਂ ਲਾੜਾ ਗ਼ੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਅਤੇ ਅਰਦਾਸ ਕਰਨ ਲਈ ਗੁਰਦੁਆਰੇ ਜਾਂਦਾ ਹੈ। ਲੜਕੀ ਦੇ ਮਾਪਿਆਂ ਦੇ ਘਰ ਪਹੁੰਚਣ ਤੇ ਜੰਞ ਦਾ ਲੜਕੀ ਦੇ ਮਾਪਿਆਂ, ਸਾਕਾਂ ਸੰਬੰਧੀਆਂ ਅਤੇ ਬਾਹਰੋਂ ਆਏ ਦੋਸਤਾਂ ਮਿੱਤਰਾਂ ਦੁਆਰਾ ਮਿਲਣੀ ਦੇ ਸ਼ਬਦ ਗਾਇਨ ਕਰਕੇ ਸੁਆਗਤ ਕੀਤਾ ਜਾਂਦਾ ਹੈ ਅਤੇ ਅਰਦਾਸ ਕਰਨ ਉਪਰੰਤ ਦੋਵਾਂ ਪਰਵਾਰਾਂ ਦੀ ਮਿਲਣੀ ਹੁੰਦੀ ਹੈ ਜਿਹੜੀ ਆਮ ਤੌਰ ਤੇ ਲੜਕੇ ਅਤੇ ਲੜਕੀ ਦੇ ਪਿਤਾ ਅਤੇ ਮਾਮਿਆਂ ਵਲੋਂ ਕੀਤੀ ਜਾਂਦੀ ਹੈ। ਫਿਰ ਬਰਾਤ ਨੂੰ ਕੁਝ ਖਾਣ ਪੀਣ ਖਾਤਰ ਅੰਦਰ ਲਿਜਾਇਆ ਜਾਂਦਾ ਹੈ। ਇਸ ਉਪਰੰਤ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਹੁੰਦਾ ਹੈ। ਇਹ ਸਾਰੀ ਰਸਮ, ਇਹ ਸਾਰਾ ਧਾਰਮਿਕ ਕਾਰਜ , ਜਦੋਂ ਮਹਿਮਾਨ ਤੇ ਮੇਜ਼ਬਾਨ ਸੰਗਤ ਰੂਪ ਵਿਚ ਬੈਠਦੇ ਹਨ ਤਾਂ ਕੀਰਤਨ ਨਾਲ ਅਰੰਭ ਹੁੰਦਾ ਹੈ। ਵਿਆਹਿਆ ਜਾਣ ਵਾਲਾ ਜੋੜਾ ਗੁਰੂ ਗ੍ਰੰਥ ਸਾਹਿਬ ਵਲ ਮੂੰਹ ਕਰਕੇ ਬੈਠਦਾ ਹੈ; ਲਾੜੀ ਲਾੜੇ ਦੇ ਖੱਬੇ ਪਾਸੇ ਬੈਠਦੀ ਹੈ। ਇਸ ਰਸਮ ਨੂੰ ਸੰਪੂਰਨ ਕਰਨ ਲਈ ਚੁਣਿਆ ਹੋਇਆ ਕੋਈ ਵੀ ਸਿੱਖ ਗ੍ਰੰਥੀ ਦੇ ਤੌਰ ਤੇ ਕੰਮ ਕਰਦਾ ਹੈ। ਲਾੜੇ ਅਤੇ ਲਾੜੀ ਲਈ ਅਸ਼ੀਰਵਾਦ ਲੈਣ ਲਈ ਉਹ ਛੋਟੀ ਅਰਦਾਸ ਕਰਦਾ ਹੈ। ਉਹਨਾਂ ਦੇ ਆਪਣੇ ਆਪਣੇ ਮਾਪੇ ਅਰਦਾਸ ਲਈ ਖੜੇ ਹੁੰਦੇ ਹਨ ਜਦੋਂ ਕਿ ਬਾਕੀ ਸੰਗਤ ਬੈਠੀ ਰਹਿੰਦੀ ਹੈ। ਫਿਰ ਰਾਗੀ ਗੁਰੂ ਗ੍ਰੰਥ ਸਾਹਿਬ ਤੋਂ ਇਕ ਛੋਟਾ ਜਿਹਾ ਸ਼ਬਦ ਪੜ੍ਹਦੇ ਹਨ। ਇਹ ਸ਼ਬਦ ਇਸ ਤਰਾਂ ਹੈ :

    ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥

    ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥

    ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥

    ਭੈ ਭੰਜਨ ਮਿਹਰਵਾਨੁ ਦਾਸ ਕੀ ਰਾਖੀਐ॥

    ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥

    ਇਸ ਪਿੱਛੋਂ ਕੋਈ ਹੋਰ ਪ੍ਰਤਿਸ਼ਠਿਤ ਵਿਦਵਾਨ, ਆਗੂ ਜਾਂ ਗ੍ਰੰਥੀ ਸਿੰਘ ਜੋੜੇ ਨੂੰ ਸੰਬੋਧਨ ਕਰਕੇ ਸਿੱਖ ਵਿਆਹ ਅਤੇ ਇਕ ਦੂਜੇ ਨਾਲ ਆਪਣੇ ਪਰਵਾਰਾਂ, ਕੌਮ ਅਤੇ ਸਮਾਜ ਵਲ ਪਤੀ ਪਤਨੀ ਦੇ ਫ਼ਰਜ਼ਾਂ ਅਤੇ ਜਿੰਮੇਵਾਰੀਆਂ ਬਾਰੇ ਸਿੱਖਿਆ ਦਿੰਦਾ ਹੈ। ਉਹ ਜੋੜੇ ਨੂੰ ਸਿੱਖ ਧਰਮ ਵਿਚ ਵਿਆਹ ਦਾ ਮਹੱਤਵ ਦਸਦਾ ਹੈ ਕਿ ਕੇਵਲ ਇਕ ਸਿਵਲ ਜਾਂ ਸਮਾਜਿਕ ਸੰਬੰਧ ਹੀ ਨਹੀਂ ਹੈ ਸਗੋਂ ਇਹ ਦੋ ਆਤਮਾਵਾਂ ਦਾ ਸੁਮੇਲ ਹੈ ਅਤੇ ਇਹ ਆਪਸੀ ਪ੍ਰੇਮ ਅਤੇ ਵਫ਼ਾਦਾਰੀ, ਆਪਸੀ ਸਹਿਮਤੀ ਅਤੇ ਸਮਝਦਾਰੀ ਤੇ ਨਿਰਭਰ ਕਰਦਾ ਹੈ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ ਇਹ ਤੁਕ ਅਕਸਰ ਉਚਾਰਨ ਕੀਤੀ ਜਾਂਦੀ ਹੈ: ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ(ਗੁ.ਗ੍ਰੰ. 788)॥ ਸਿੱਖਿਆ ਤੋਂ ਪਿੱਛੋਂ ਪਿਤਾ ਲੜਕੀ ਦਾ ਪੱਲਾ ਜੋ ਆਮ ਤੌਰ ਤੇ ਕੇਸਰੀ ਜਾਂ ਗੁਲਾਬੀ ਰੰਗ ਦਾ ਹੁੰਦਾ ਹੈ ਲਾੜੇ ਦੇ ਹੱਥ ਫੜਾ ਕੇ ਫਿਰ ਇਸ ਪੱਲੇ ਨੂੰ ਲਾੜੇ ਦੇ ਮੋਢੇ ਉਤੋਂ ਦੀ ਲਾੜੀ ਦੇ ਹੱਥ ਫੜਾ ਦਿੰਦਾ ਹੈ, ਜਿਸ ਦਾ ਭਾਵ ਹੈ ਕਿ ਉਸਨੇ ਲੜਕੀ ਦੀ ਸੁਰੱਖਿਆ ਉਸਨੂੰ (ਲਾੜੇ ਨੂੰ) ਦੇ ਦਿੱਤੀ ਹੈ। ਰਾਗੀ ਇਕ ਛੋਟਾ ਜਿਹਾ ਸ਼ਬਦ ਗਾਇਨ ਕਰਦੇ ਹਨ:

    ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਛੁ ਤਿਆਗੀ॥

    ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥1॥ (ਗੁ. ਗ੍ਰੰ. 963)

    ਗੁਰੂ ਗ੍ਰੰਥ ਸਾਹਿਬ ਦੇ 773 ਪੰਨੇ ਤੋਂ ਚਾਰ ਲਾਵਾਂ ਵਿਚੋਂ ਪਹਿਲੀ ‘ਲਾਵ` ਦਾ ਹੁਣ ਪਾਠ ਕੀਤਾ ਜਾਂਦਾ ਹੈ। ਇਸ ਉਪਰੰਤ ਉਸੇ ਲਾਵ ਦਾ ਰਾਗੀ ਕੀਰਤਨ ਕਰਦੇ ਹਨ ਅਤੇ ਜੋੜਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਦੇ ਸ਼ਰਧਾ ਪੂਰਬਕ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਪਾਸੇ ਰਖਦੇ ਹੋਏ ਪਰਕਰਮਾਂ ਕਰਦਾ ਹੈ। ਲਾੜਾ ਅੱਗੇ ਅਤੇ ਲਾੜੀ ਪਿੱਛੇ ਪਿੱਛੇ ਚਲਦੀ ਹੈ ਅਤੇ ਦੋਵੇਂ ਪੱਲੇ ਦੇ ਸਿਰਿਆਂ ਨੂੰ ਫੜੀ ਰੱਖਦੇ ਹਨ। ਪਹਿਲੀ ਪਰਕਰਮਾ ਕਰਨ ਉਪਰੰਤ ਜੋੜੀ ਬੈਠਣ ਤੋਂ ਪਹਿਲਾਂ ਫਿਰ ਮਥਾ ਟੇਕਦੀ ਹੈ। ਬਾਕੀ ਬਚੀਆਂ ਤਿੰਨ ਲਾਵਾਂ ਲਈ ਵੀ ਇਹੀ ਵਿਧੀ ਅਪਨਾਈ ਜਾਂਦੀ ਹੈ। ਸਮਾਪਤੀ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਅਤੇ ਅਖੀਰਲੀ ਪਉੜੀ ਪੜ੍ਹ ਕੇ ਕੀਤੀ ਜਾਂਦੀ ਹੈ ਅਤੇ ਫਿਰ ਅਰਦਾਸ ਹੁੰਦੀ ਹੈ ਜਿਸ ਵਿਚ ਸਾਰੀ ਸੰਗਤ ਸ਼ਾਮਲ ਹੁੰਦੀ ਹੈ। ਇਸ ਮਗਰੋਂ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦਾ ਵਾਕ ਜਾਂ ਹੁਕਮ ਸੁਣਦੀ ਹੈ ਅਤੇ ਕੜਾਹ ਪ੍ਰਸਾਦਿ ਵਰਤਾਇਆ ਜਾਂਦਾ ਹੈ।

1.   ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥

    ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥

    ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥

    ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥

    ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥

    ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥1॥

2.   ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥

    ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥

    ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮ ਹਦੂਰੇ॥

    ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ॥

    ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ॥

    ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ॥2॥

3.   ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿਰਾਮ ਜੀਉ॥

    ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿਰਾਮ ਜੀਉ॥

    ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ॥

    ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ॥

    ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ॥

    ਜਨ ਨਾਨਕ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉੁ॥3॥

4.   ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿਰਾਮ ਜੀਉ।।

    ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿਰਾਮ ਜੀਉ।।

    ਹਰਿ ਮੀਠਾ ਲਾਇਆ ਮੇਰੇ ਪ੍ਰਭੁ ਭਾਇਆ ਅਨਦਿਨੁ ਹਰਿ ਲਿਵ ਲਾਈ।।

    ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ।।

    ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ।।

    ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ।।੨।।

                                                          ( ਗੁ. ਗ੍ਰੰ. 773-774)

    ਲਾਵਾਂ ਦੀ ਸਮਾਪਤੀ ਉਪਰੰਤ ਅਨੰਦੁ ਸਾਹਿਬ ਦੀਆਂ ਛੇ ਪਉੜੀਆਂ ਦਾ ਪਾਠ ਕੀਤਾ ਜਾਂਦਾ ਹੈ ਅਤੇ ਅਨੰਦ ਕਾਰਜ ਦੀ ਸੰਪੰਨਤਾ ਦੀ ਅਰਦਾਸ ਕੀਤੀ ਜਾਂਦੀ ਹੈ। ਉਪਰੰਤ ਗੁਰੂ ਗ੍ਰੰਥ ਵਿਚੋਂ ਵਾਕ ਲੈ ਕੇ ਸੰਗਤ ਵਿਚ ਕੜਾਹ ਪ੍ਰਸਾਦਿ ਵਰਤਾਇਆ ਜਾਂਦਾ ਹੈ। ਇਹ ਇਸ ਰਸਮ ਦਾ ਧਾਰਮਿਕ ਭਾਗ ਹੈ। ਇਸ ਦੇ ਪਿੱਛੋਂ ਅਤੇ ਅੱਗੇ ਸਾਰਾ ਦਿਖਾਵੇ ਦੀਆਂ ਰਸਮਾਂ ਅਤੇ ਰਿਵਾਜਾਂ ਦੀ ਭੁੱਲ-ਭੁਲਈਆਂ ਵਰਗਾ ਸਮੂੰਹ ਹੈ। ਸਿੱਖ ਵਿਆਹ ਦੀ ਧਾਰਮਿਕ ਸੰਸਥਾ ਦੇ ਸਿਧਾਂਤਿਕ ਅਸੂਲ ਗਿਣਤੀ ਵਿਚ ਥੋੜੇ ਹੀ ਹਨ ਪਰੰਤੂ ਸਰਵ ਪ੍ਰਵਾਨਿਤ ਹਨ ਅਤੇ ਦੂਜਾ ਪੰਜਾਬੀ-ਨਸਲੀ ਭਾਸ਼ਾਈ ਭਾਈਚਾਰਿਆਂ ਦੇ ਰੀਤੀ ਰਿਵਾਜਾਂ ਦੇ ਪਰੰਪਰਾਗਤ ਵਰਤਾਉ ਜੋ ਗਿਣਤੀ ਵਿਚ ਕਾਫ਼ੀ ਹਨ ਪਰੰਤੂ ਇਹ ਇਕ ਖਾਸ ਸਮਾਜਿਕ ਢਾਂਚੇ ਤਕ ਹੀ ਸੀਮਤ ਹਨ ਅਤੇ ਇਕ ਖਾਸ ਇਲਾਕੇ ਜਾਂ ਖੇਤਰ ਨਾਲ ਜੁੜੇ ਹੋਏ ਹਨ। ਨਿਰਧਾਰਿਤ ਕੀਤੀ ਵਿਆਹ ਦੀ ਰੀਤੀ ਭਾਵ ਅਨੰਦ ਕਾਰਜ ਧਰਮ ਦੇ ਮੂਲ ਸਿਧਾਤਾਂ ਦਾ ਪ੍ਰਗਟਾਵਾ ਹੈ ਜਿਸ ਨੂੰ ਪਹਿਲਾਂ ਅਨੰਦ ਵਿਵਾਹ ਕਾਨੂੰਨ 1909 ਰਾਹੀਂ ਸੰਵਿਧਾਨਿਕ ਪਰਵਾਨਗੀ ਮਿਲੀ ਸੀ। ਇਸ ਪ੍ਰਕਾਰ ਅਨੰਦ ਕਾਰਜ ਵਿਆਹ, ਪਰਵਾਣਿਤ ਹਿੰਦੂ ਮਰਯਾਦਾ ਕਾਨੂੰਨ ਦੁਆਰਾ ਮੰਨੀਆਂ ਗੱਲਾਂ ਤੋਂ ਕਾਨੂੰਨੀ ਤੌਰ ਤੇ ਵਿਭਿੰਨ ਮੰਨਿਆ ਗਿਆ ਹੈ। ਸਿੱਖ ਪਰੰਪਰਾ ਅਨੁਸਾਰ ਵਿਆਹ ਸਿੱਖ ਧਰਮ ਦੇ ਅਨੁਯਾਈਆਂ ਵਿਚਕਾਰ ਹੀ ਹੋਣੇ ਅਨਿਵਾਰੀ ਹਨ ਪਰ ਇਸ ਵਿਚ ਜਾਤਾਂ/ਗੋਤਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ। ਵਿਆਹ ਦੇ ਰਵਾਇਤੀ ਨਿਯਮਾਂ ਅਨੁਸਾਰ ਨੇੜੇ ਦੇ ਰਿਸ਼ਤੇ ਵਿਚ ਵਿਆਹ ਦੀ ਮਨਾਹੀ ਹੈ ਪਰ ਇਸ ਸੰਬੰਧੀ ਕਿਸੇ ਵੀ ਗੱਲ ਦਾ ਪੂਰਾ ਨਿਰਨਾ ਕਠਿਨ ਹੈ ਅਤੇ ਅਜਿਹਾ ਕੋਈ ਵੀ ਆਦੇਸ਼ ਸਿੱਖ ਰਹਿਤ ਮਰਯਾਦਾ ਵਿਚ ਅੰਕਤ ਨਹੀਂ ਹੈ ।ਮੋਟੇ ਤੌਰ ਤੇ ਵਿਅਕਤੀ ਨੂੰ ਆਪਣੀ ਗੋਤ ਵਿਚ ਵਿਆਹ ਦੀ ਆਗਿਆ ਨਹੀਂ ਹੈ ਅਤੇ ਪ੍ਰਚਲਿਤ ਪਰੰਪਰਾ ਇਸਤ੍ਰੀ ਦੁਆਰਾ ਆਪਣੇ ਦਿਉਰ ਨਾਲ ਵਿਆਹ ਕਰਾਉਣ ਦੇ ਵਿਰੁੱਧ ਹੈ। ਪਰੰਤੂ ਇਹ ਸਾਰੇ ਬੰਧੇਜ ਵਾਸਤਵ ਵਿਚ ਸਮਾਜਿਕ ਹਨ ਧਾਰਮਿਕ ਨਹੀਂ।

    ਕੁਝ ਇਸ ਤਰਾਂ ਦੇ ਰੀਤੀ ਰਿਵਾਜ ਜਿਵੇਂ ਸਿਹਰੇ ਬੰਨਣਾ, ਪਿਤਰ ਪੂਜਾ ਦੇ ਰੀਤੀ ਰਿਵਾਜ, ਬਨਾਵਟੀ ਰੋਣਾ, ਪੇਸ਼ੇਵਰ ਨੱਚਣ ਵਾਲੀਆਂ ਲੜਕੀਆਂ ਤੋਂ ਗੀਤ ਸੁਣਨਾ, ਸ਼ਰਾਬ ਪੀਣਾ, ਪਵਿੱਤਰ ਅਗਨੀ ਨੂੰ ਬਾਲਣਾ ਅਤੇ ਇਸੇ ਤਰ੍ਹਾਂ ਦੇ ਕਈ ਭਰਮਾਂ ਵੱਲ ਧਿਆਨ ਦੇਣਾ ਸਿੱਖ ਧਰਮ ਦੇ ਅਸੂਲਾਂ ਦੇ ਵਿਰੁੱਧ ਹਨ। ਇਹਨਾਂ ਸਾਰੀਆਂ ਰੀਤੀਆਂ ਦਾ ਸੰਬੰਧ ਸਮਾਜਿਕ ਚਲਨ ਨਾਲ ਹੈ ਜਿਸ ਬਾਰੇ ਸਿੱਖ ਧਰਮ ਦਾ ਰਵੱਈਆ ਸੁਧਾਰਵਾਦੀ ਹੈ।

    ਕਈ ਥਾਈਂ ਠਾਕੇ ਅਤੇ ਚੁੰਨੀ ਚੜ੍ਹਾਉਣ ਦਾ ਰਿਵਾਜ ਪ੍ਰਚਲਿਤ ਹੈ। ਚੁੰਨੀ ਚੜ੍ਹਾਉਣ ਲਈ ਲੜਕੇ ਦੇ ਮਾਪੇ ਲੜਕੀ ਲਈ ਕਪੜੇ ਅਤੇ ਵੰਨ ਸੁਵੰਨੇ ਢੋਏ, ਲਾਲ ਪਰਾਂਦਾ, ਕੁਝ ਗਹਿਣੇ ਅਤੇ ਨਕਦੀ ਆਦਿ ਭੇਜਦੇ ਹਨ। ਵਿਆਹ ਤੋਂ ਪਹਿਲਾਂ ਇਕ ਹੋਰ ਜਟਿਲ ਰਸਮ, ਕੁੜਮਾਈ ਦੀ ਪ੍ਰਚਲਿਤ ਹੈ। ਰਿਵਾਜ ਅਨੁਸਾਰ ਲੜਕੀ ਵਾਲੇ ਲੜਕੇ ਦੇ ਘਰ ‘ਸ਼ਗਨ` ਲੈ ਕੇ ਜਾਂਦੇ ਹਨ। ਲੜਕੇ ਅਤੇ ਉਸ ਦੇ ਨੇੜੇ ਦੇ ਸਬੰਧੀਆਂ ਨੂੰ ਸ਼ਗਨ ਵਜੋਂ ਨਕਦੀ ਰਾਸ਼ੀ ਦਿੱਤੀ ਜਾਂਦੀ ਹੈ। ਲੜਕੇ ਦੇ ਹੋਣ ਵਾਲੇ ਸਹੁਰਿਆਂ ਜਾਂ ਉਹਨਾਂ ਦੇ ਪ੍ਰਤੀਨਿਧਾਂ ਵਲੋਂ ਲੜਕੇ ਨੂੰ ਛੁਹਾਰਾ ਖਾਣ ਲਈ ਦਿੱਤਾ ਜਾਂਦਾ ਹੈ ਇਸ ਕਰਕੇ ਇਸ ਰਸਮ ਨੂੰ ਹੀ ਕਈ ਥਾਈਂ ‘ਛੁਹਾਰਾ ਪਾਉਣਾ` ਵੀ ਕਿਹਾ ਜਾਂਦਾ ਹੈ।ਵਿਆਹ ਪੰਜਾਬੀ ਸਮਾਜ ਵਿਚ ਇਕ ਵਡੀ ਘਟਨਾ ਹੈ ਜਿਸ ਨੂੰ ਵਿਸਤ੍ਰਿਤ ਢੰਗ ਨਾਲ ਮਨਾਇਆ ਜਾਂਦਾ ਹੈ। ਕੁੜਮਾਈ ਜਾਂ ‘ਮੰਗਣੀ` ਜੇਕਰ ਛੋਟੀ ਉਮਰ ਵਿਚ ਹੋ ਜਾਂਦੀ ਹੈ ਤਾਂ ਵਿਆਹ ਕਈ ਮਹੀਨੇ ਅਥਵਾ ਸਾਲਾਂ ਬਾਅਦ ਵੀ ਹੋ ਸਕਦਾ ਹੈ।

    ਵਿਆਹ ਤਕ ਲੜਕੇ ਅਤੇ ਲੜਕੀ ਦੇ ਮਾਪਿਆਂ ਦੇ ਘਰ ਵਿਚ ਵੱਖ ਵੱਖ ਰੀਤੀ ਰਿਵਾਜਾਂ ਅਧੀਨ ਕਈ ਸੰਸਕਾਰ ਚਲਦੇ ਰਹਿੰਦੇ ਹਨ। ‘ਮਾਈਏਂ ਪੈਣਾਂ` ਇਕੱਲਤਾ ਦਾ ਇਕ ਉਹ ਸਮਾਂ ਹੈ ਜਦੋਂ ਲੜਕੇ ਅਤੇ ਲੜਕੀ ਨੂੰ ਵਿਆਹ ਤੋਂ ਇਕ ਜਾਂ ਦੋ ਤਿੰਨ ਦਿਨਾਂ ਤਕ ਸੰਬੰਧੀਆਂ ਅਤੇ ਬਾਹਰਲਿਆਂ ਤੋਂ ਵੱਖ ਰੱਖਿਆ ਜਾਂਦਾ ਹੈ। ਲਾੜੀ ਅਤੇ ਲਾੜਾ ਨਹਾਉਣ ਜਾਂ ਆਪਣੇ ਕਪੜੇ ਬਦਲਣ ਤੋਂ ਸੰਕੋਚ ਕਰਦੇ ਹਨ। ਇਕੱਲਤਾ ਦੇ ਇਸ ਰਿਵਾਜੀ ਸਮੇਂ ਵਿਚ ਲੜਕੀ ਗਹਿਣੇ ਜਾਂ ਸੁਰਖੀ ਬਿੰਦੀ ਆਦਿ ਸਿੰਗਾਰ ਵਾਲੀਆਂ ਚੀਜਾਂ ਦੀ ਵਰਤੋਂ ਨਹੀਂ ਕਰਦੀ; ਉਸ ਨੂੰ ਸਰੀਰਿਕ ਕੰਮ ਕਰਨ ਜਾਂ ਇਕੱਲੇ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ। ਲੜਕੀ ਅਤੇ ਲੜਕੇ ਦੇ ਮਾਪਿਆਂ ਦੇ ਘਰਾਂ ਵਿਚ ਵਿਆਹ ਦੀ ਰਸਮ ਤੋਂ ਇਕ ਦਿਨ ਜਾਂ ਕਈ ਵਾਰੀ ਕਈ ਦਿਨ ਪਹਿਲਾਂ ਇਸਤਰੀਆਂ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਹਨ। ਗੀਤ ਆਮ ਤੌਰ ਤੇ ਪੰਜਾਬੀ ਲੋਕਯਾਨ ਤੋਂ ਹੀ ਢੋਲਕ ਨਾਲ ਗਾਏ ਜਾਂਦੇ ਹਨ।ਲਾੜੇ ਲਈ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ ਅਤੇ ਲਾੜੀ ਲਈ ਗਾਏ ਜਾਣ ਵਾਲਿਆਂ ਨੂੰ ਸੁਹਾਗ ਕਿਹਾ ਜਾਂਦਾ ਹੈ।

    ਵਿਆਹ ਵਾਲੇ ਦਿਨ ਲਾੜੀ ਅਤੇ ਲਾੜਾ ਰਸਮੀ ਇਸ਼ਨਾਨ ਕਰਦੇ ਹਨ ਜਿਸ ਨੂੰ ਖਾਰੇ ਚੜਨ ਦੀ ਰਸਮ ਕਿਹਾ ਜਾਂਦਾ ਹੈ। ਅਸਲ ਵਿਚ ਇਹ ਇਕੱਲਤਾ ਤੋਂ ਪਿੱਛੋਂ ਪਵਿੱਤਰਤਾ ਦੀ ਰਸਮ ਹੈ। ਇਸ਼ਨਾਨ ਪਿੱਛੋਂ ਲੜਕਾ ਅਤੇ ਲੜਕੀ ਦੋਵੇਂ ਇਸ ਮੌਕੇ ਲਈ ਤਿਆਰ ਕੀਤੇ ਹੋਏ ਨਵੇਂ ਕੱਪੜੇ ਪਾਉਂਦੇ ਹਨ। ਆਮ ਤੌਰ ਤੇ ਇਹ ਕਪੜੇ ਉਹਨਾਂ ਦੇ ਨਾਨਕਿਆਂ ਵਲੋਂ ਦਿੱਤੇ ਜਾਂਦੇ ਹਨ। ਨਾਨਕੇ ਲੜਕੀ ਨੂੰ ਤੋਹਫ਼ੇ ਦਿੰਦੇ ਹਨ ਜਿਸ ਨੂੰ ‘ਨਾਨਕੀ ਛੱਕ` ਕਿਹਾ ਜਾਂਦਾ ਹੈ। ਇਸ ਵਿਚ ਹਾਥੀ ਦੰਦ ਦੀਆਂ ਚੂੜੀਆਂ, ਨੱਥ , ਇਕ ਸੂਟ ਜਾਂ ਗਹਿਣਿਆਂ ਦਾ ਇਕ ਸੈਟ ਅਤੇ ਕੁਝ ਘਰੇਲੂ ਬਰਤਨ ਅਤੇ ਹੋਰ ਲੋੜੀਂਦੀਆਂ ਵਸਤਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਤੋਹਫਿਆਂ ਵਿਚ ਲਾੜੀ ਦੇ ਮਾਪਿਆਂ ਵਲੋਂ ਭੈਣ ਭਰਾਵਾਂ ਲਈ ਕਪੜੇ ਵੀ ਹੋ ਸਕਦੇ ਹਨ। ਮਾਪਿਆਂ ਵਲੋਂ ਲੜਕੇ ਨੂੰ ਵੀ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਵਿਚ ਲਾੜੇ ਦੇ ਕਪੜੇ, ਉਸਦੇ ਭੈਣ ਭਰਾਵਾਂ ਦੇ ਅਤੇ ਮਾਪਿਆਂ ਦੇ ਕਪੜੇ ਵੀ ਸ਼ਾਮਲ ਹੁੰਦੇ ਹਨ।           

    ਲਾੜੇ ਦੀ ਜੰਝ ਨਾਲ ਜਾਣ ਤੋਂ ਪਹਿਲਾਂ ਕਈ ਰੀਤੀ ਰਿਵਾਜ ਕੀਤੇ ਜਾਂਦੇ ਹਨ। ਅਰਦਾਸ ਕਰਨ ਤੋਂ ਪਿੱਛੋਂ ਲੜਕੇ ਦੀ ਭੈਣ ਉਸ ਦੇ ਮੱਥੇ ਤੇ ਕਲਗੀ ਅਤੇ ਸਿਹਰਾ ਬੰਨਦੀ ਹੈ। ਸਿਰਵਾਰਨਾ ਕੀਤਾ ਜਾਂਦਾ ਹੈ ਅਤੇ ਗਰੀਬਾਂ ਵਿਚ ਪੈਸੇ ਵੰਡੇ ਜਾਂਦੇ ਹਨ। ਲਾੜੇ ਦੀ ਭੈਣ ਗੀਤਾਂ ਦੀ ਧੁਨੀ ਨਾਲ ਘੋੜੀ ਦੀਆਂ ਲਗਾਮਾਂ ਲਾਲ ਧਾਗੇ ਨਾਲ ਗੁੰਦਦੀ ਹੈ ਅਤੇ ਭਰਜਾਈ ਲਾੜੇ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਹੈ। ਜਦੋਂ ਸਭ ਕੁਝ ਹੋ ਜਾਂਦਾ ਹੈ ਅਤੇ ਘੋੜੀ ਨੂੰ ਜੌਂ ਅਤੇ ਛੋਲੇ ਚਾਰ ਦਿੱਤੇ ਜਾਂਦੇ ਹਨ ਤਾਂ ਲੜਕੇ ਦੀ ਭੈਣ ਘੋੜੇ ਦੀਆਂ ਲਗਾਮਾਂ ਫੜਦੀ ਹੈ ਅਤੇ ਅੱਗੇ ਜਾਣ ਤੋਂ ਪਹਿਲਾਂ ਆਪਣੇ ਭਰਾ ਤੋਂ ਤੋਹਫ਼ੇ ਮੰਗਦੀ ਹੈ। ਲਾੜਾ ਆਪਣੀਆਂ ਸਾਰੀਆਂ ਭੈਣਾਂ ਨੂੰ ਵਿੱਤ ਅਨੁਸਾਰ ਕੁਝ ਪੈਸੇ ਦਿੰਦਾ ਹੈ; ਜਿਸ ਰਸਮ ਨੂੰ ‘ਵਾਗ ਫੜਾਈ` ਕਿਹਾ ਜਾਂਦਾ ਹੈ। ਜਦੋਂ ਸਾਰਾ ਕਾਫ਼ਲਾ ਤੁਰਦਾ ਹੈ ਤਾਂ ਲਾੜੇ ਦਾ ਛੋਟਾ ਭਰਾ ਜਾਂ ਭਤੀਜਾ ਉਸਦਾ ਸਰਬਾਲਾ ਬਣਕੇ ਉਸ ਪਿੱਛੇ ਘੋੜੀ ਤੇ ਬੈਠਦਾ ਹੈ।

    ਲਾੜੇ ਦੇ ਲਾੜੀ ਨਾਲ ਤੁਰਨ ਤੋਂ ਪਹਿਲਾਂ, ਪਹਿਲਾਂ ਲਾੜੇ ਵਾਲੇ ਅਤੇ ਫਿਰ ਲਾੜੀ ਵਾਲੇ ਰੋਟੀ ਖਾਂਦੇ ਹਨ।ਲਾੜੀ ਆਪਣੇ ਸਹੁਰਿਆਂ ਵਲੋਂ ਭੇਜੀ ਹੋਈ ਰੋਟੀ ਖਾਂਦੀ ਹੈ ਅਤੇ ਇਸੇ ਨੂੰ ‘ਸਹੁਰਿਆਂ ਦੀ ਰੋਟੀ` ਕਿਹਾ ਜਾਂਦਾ ਹੈ। ਜਦੋਂ ਲਾੜੀ ਆਪਣੇ ਘਰੋਂ ਵਿਦਾ ਹੁੰਦੀ ਹੈ ਤਾਂ ਉਸਦੀ ਮਾਤਾ, ਸੰਬੰਧੀ ਇਸਤਰੀਆਂ ਅਤੇ ਨੇੜੇ ਦੀਆਂ ਸਹੇਲੀਆਂ ਉਸ ਨੂੰ ਵਿਦਾ ਕਰਨ ਆਉਂਦੀਆਂ ਹਨ। ਬੈਂਡ ਨਾਲ ਵਿਦਾਇਗੀ ਦੇ ਗੀਤ ਗਾਏ ਜਾਂਦੇ ਹਨ। ਲਾੜੀ ਅਤੇ ਲਾੜਾ ਇਕੱਠੇ ਲਾੜੇ ਦੇ ਘਰ ਜਾਣ ਲਈ ਵਿਦਾ ਹੁੰਦੇ ਹਨ। ਲਾੜੀ ਨਾਲ ਆਮ ਤੌਰ ਤੇ ਛੋਟਾ ਭਰਾ ਜਾਂ ਪਰੰਪਰਾ ਅਨੁਸਾਰ ਨਾਇਣ ਜਾਂਦੀ ਹੈ। ਲਾੜੀ ਦੇ ਆਪਣੇ ਮਾਪਿਆਂ ਦੇ ਘਰੋਂ ਵਿਦਾਇਗੀ ਦੀ ਰਸਮ ਨੂੰ ਡੋਲੀ ਚੜ੍ਹਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਇਹ ਇਕ ਪਾਲਕੀ ਹੁੰਦੀ ਸੀ ਜਿਹੜੀ ਜੋੜੇ ਦੇ ਜਾਣ ਦਾ ਸਾਧਨ ਹੁੰਦੀ ਸੀ ਪਰ ਅੱਜਕਲ੍ਹ ਇਸ ਲਈ ਇਕ ਸੋਹਣੀ ਸਜਾਈ ਹੋਈ ਕਾਰ ਵਰਤੀ ਜਾਂਦੀ ਹੈ। ਜਦੋਂ ਇਹ ਕਾਰ ਜਾਂ ਕਾਫ਼ਲਾ ਤੁਰਦਾ ਹੈ ਤਾਂ ਲਾੜੇ ਦਾ ਪਿਤਾ ਇਸ ਉਤੇ ਪੈਸਿਆਂ ਦੀ ਸੋਟ ਕਰਦਾ ਹੈ ਅਤੇ ਜਿਸ ਦਾ ਭਾਵ ਇਸ ਰਸਮ ਦੇ ਪੂਰਾ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਮਿਠਾਈ ਦੀ ਟੋਕਰੀ (ਭਾਜੀ) ਲਾੜੇ ਦੇ ਰਿਸ਼ਤੇਦਾਰਾਂ ਵਿਚ ਵੰਡਣ ਲਈ ਲਾੜੀ ਦੇ ਨਾਲ ਭੇਜੀ ਜਾਂਦੀ ਹੈ।

    ਜੋੜੇ ਦਾ ਰਿਵਾਜ ਅਨੁਸਾਰ ਲਾੜੇ ਦੇ ਪਰਵਾਰਿਕ ਘਰ ਦੀ ਦਹਲੀਜ਼ ਤੇ ਹੀ ਸੁਆਗਤ ਕੀਤਾ ਜਾਂਦਾ ਹੈ। ਇਸ ਪਿੱਛੋਂ ਲਾੜੇ ਦੀਆਂ ਰਿਸ਼ਤੇਦਾਰ ਇਸਤਰੀਆਂ ਦੋਸਤਾਂ ਅਤੇ ਗੁਆਂਢੀਆਂ ਦੀ ਹਾਜ਼ਰੀ ਵਿਚ ਮੂੰਹ ਵਿਖਾਈ (ਘੁੰਡ ਚੁਕਾਈ) ਦੀ ਰਸਮ ਹੁੰਦੀ ਹੈ। ਲਾੜੀ ਨੂੰ ਖਿਚੜੀ ਦਿੱਤੀ ਜਾਂਦੀ ਹੈ ਜਿਸ ਦਾ ਭਾਵ ਹੁੰਦਾ ਹੈ ਕਿ ਉਹ ਉਸ ਦੇ ਪਤੀ ਦੇ ਘਰ ਦੀ ਇਕ ਮੈਂਬਰ ਬਣ ਚੁਕੀ ਹੈ। ਉਹ ਆਪਣਾ ਘੁੰਡ ਚੁੱਕਦੀ ਹੈ ਅਤੇ ਰਿਸ਼ਤੇਦਾਰ ਇਸਤਰੀਆਂ ਦੇ ਜਿਹੜੀਆਂ ਸਿਰਵਾਰਨਾ ਕਰਦੀਆਂ ਹਨ, ਸਤਿਕਾਰ ਵਜੋਂ ਉਹਨਾਂ ਦੇ ਪੈਰੀਂ ਹੱਥ ਲਾਉਂਦੀ ਹੈ।

    ਸ਼ਹਿਰੀ ਸਮਾਜ ਵਿਚ ਲਾੜੇ ਦੇ ਮਾਪਿਆਂ ਵਲੋਂ ਸੁਆਗਤ ਸਮਾਰੋਹ ਦਾ ਰਿਵਾਜ ਪ੍ਰਚਲਿਤ ਹੋ ਰਿਹਾ ਹੈ। ਇਹ ਸੁਆਗਤ ਸਮਾਰੋਹ (ਪਾਰਟੀ) ਵਿਆਹ ਤੋਂ ਪਿੱਛੋਂ ਹੁੰਦਾ ਹੈ। ਦੋਵਾਂ ਪਰਵਾਰਾਂ ਦੇ ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਆਮ ਤੌਰ ਤੇ ਇਕ ਦੋ ਦਿਨਾਂ ਪਿੱਛੋਂ ਲਾੜੀ ਆਪਣੇ ਮਾਪਿਆਂ ਦੇ ਘਰ ਵਾਪਸ ਜਾਂਦੀ ਹੈ। ਦੂਸਰੀ ਵਾਰੀ ਜਦੋਂ ਲਾੜਾ ਉਸ ਨੂੰ ਉਸਦੇ ਮਾਪਿਆਂ ਦੇ ਘਰੋਂ ਲੈਣ ਜਾਂਦਾ ਹੈ ਕੇਵਲ ਤਾਂ ਹੀ ਵਿਆਹ ਸੰਪੂਰਨ ਹੁੰਦਾ ਹੈ। ਦੂਜੇ ਗੇੜੇ ਨੂੰ ਮੁਕਲਾਵਾ ਕਿਹਾ ਜਾਂਦਾ ਹੈ। ਇਸ ਮੌਕੇ ਤੇ ਇਸ ਪਿੱਛੋਂ ਲਾੜੀ ਨੂੰ ਆਪਣੇ ਪੇਕੇ ਘਰ ਅਤੇ ਉਸਦੇ ਮਾਪੇ ਉਸਨੂੰ ਕਪੜਿਆਂ ਅਤੇ ਗਹਿਣਿਆਂ ਦੇ ਤੋਹਫ਼ੇ ਦਿੰਦੇ ਹਨ। ਸ਼ਬਦ ‘ਦਾਜ` ਦਾ ਭਾਵ ਹੈ ਕਿ ਲੜਕੀ ਦੇ ਮਾਪਿਆਂ ਵਲੋਂ ਲੜਕੇ ਅਤੇ ਉਸ ਦੇ ਮਾਪਿਆਂ ਨੂੰ ਵਿਆਹ ਸਮੇਂ ਦਿੱਤੇ ਜਾਂਦੇ ਤੋਹਫ਼ੇ।ਲੜਕੇ ਦੇ ਮਾਪਿਆਂ ਵਲੋਂ ਲੜਕੀ ਨੂੰ ਦਿੱਤੇ ਤੋਹਫਿਆਂ ਨੂੰ ‘ਵਰੀ` ਕਹਿੰਦੇ ਹਨ। ਦਾਜ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਲੜਕੀ ਨੂੰ ਆਪਣਾ ਘਰ ਬਣਾਉਣ ਲਈ ਚਾਹੀਦੀਆਂ ਹਨ ਅਰਥਾਤ ਕਪੜੇ, ਗਹਿਣੇ, ਭਾਂਡੇ ਫਰਨੀਚਰ ਅਤੇ ਬਿਸਤਰੇ ਆਦਿ ਦਿੱਤੇ ਜਾਂਦੇ ਹਨ। ਲੜਕੀ ਦੇ ਮਾਪੇ ਵਿਆਹ, ਪਾਰਟੀਆਂ ਅਤੇ ਰੋਸ਼ਨੀ ਤੇ ਸਾਰਾ ਖਰਚਾ ਆਪ ਕਰਦੇ ਹਨ। ਇਸ ਨੂੰ ਸਿੱਖ ਵਿਆਹ ਦਾ ਹਿੱਸਾ ਨਹੀਂ ਮੰਨਣਾ ਚਾਹੀਦਾ ਪਰੰਤੂ ਪੰਜਾਬੀ ਸਮਾਜ ਵਿਚ ਇਹ ਆਮ ਰਿਵਾਜ ਹੈ। ਸਿੰਘ ਸਭਾ ਦੇ ਹੋਂਦ ਵਿਚ ਆਉਣ ਤੇ ਹੀ ਸਿੱਖ ਸੁਧਾਰਵਾਦੀ ਸਾਦੇ ਅਤੇ ਘੱਟ ਖਰਚ ਦੇ ਵਿਆਹ ਵਾਲੇ ਅਨੰਦ ਦੀ ਰਸਮ ਉੱਤੇ ਬਹੁਤ ਜ਼ੋਰ ਦਿੰਦੇ ਹਨ।


ਲੇਖਕ : ਜ.ਪ.ਸ.ਉ.,ਟ.ਹ. ਅਤੇ ਨ. ਕਿਊ.ਕਿੰ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਨੰਦ ਕਾਰਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੰਦ ਕਾਰਜ : ਇਹ ਵਿਆਹ ਸਬੰਧੀ ਸਿੱਖਾਂ ਦੀ ਇਕ ਰਸਮ ਹੈ ਜੋ ਗੁਰੂ ਗੋਬਿੰਦ ਸਿੰਘ ਜੀ (1666––1708 ਈ.) ਦੇ ਸਮੇਂ ਤੋਂ ਪ੍ਰਚਲਿਤ ਹੈ। ਇਸ ਰਸਮ ਅਨੁਸਾਰ ਲਾੜਾ ਤੇ ਉਸ ਦੇ ਖੱਬੇ ਹੱਥ ਲੜਕੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਦੇ ਹਨ। ਅਰਦਾਸ ਕਰ ਕੇ ਲੜਕੇ-ਲੜਕੀ ਨੂੰ ਸਿੱਖ ਧਰਮ ਅਨੁਸਾਰ ਗ੍ਰਿਹਸਤ ਸਬੰਧੀ ਸਿਖਿਆ ਦਿੱਤੀ ਜਾਂਦੀ ਹੈ। ਫੇਰ ਲਾਵਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਇਕ ਕਰਕੇ ਪੜ੍ਹੀਆਂ ਜਾਂਦੀਆਂ ਹਨ। ਇਕ ਲਾਂਵ ਪੜ੍ਹੀ ਜਾਣ ਤੋਂ ਪਿੱਛੋਂ ਲੜਕਾ-ਲੜਕੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪ੍ਰਕਰਮਾਂ ਕਰਦੇ ਹਨ। ਉੱਨਾ ਚਿਰ ਰਾਗੀ ਜਾਂ ਬੈਠੇ ਲੋਕ ਰਾਗ ਵਿਚ ਉਹੀ ਲਾਂਵ ਪੜ੍ਹਦੇ ਹਨ। ਇਉਂ ਚਾਰੇ ਲਾਵਾਂ ਪੜ੍ਹਨ ਪਿੱਛੋਂ ਲੜਕੇ-ਲੜਕੀ ਦੇ ਬੈਠਿਆਂ ਹੀ ਅਨੰਦੁ ਨਾਂ ਦੀ ਬਾਣੀ ਤੇ ਕੁਝ ਹੋਰ ਸ਼ਬਦ ਗਾਏ ਜਾਂਦੇ ਹਨ ਤੇ ਫਿਰ ਅਰਦਾਸ ਹੁੰਦੀ ਹੈ।

          ਅਨੰਦ ਕਾਰਜ ਦਾ ਪ੍ਰਚਾਰ ਸਿਰਫ਼ ਸਮਾਜ ਸੁਧਾਰ ਨੂੰ ਮੁੱਖ ਰੱਖ ਕੇ ਅਤੇ ਵਿਆਹ ਸਮੇਂ ਧਿਏਤਿਆਂ ਤੇ ਪੁਤੋਤਿਆਂ ਨੂੰ ਬਹੁਤੇ ਖਰਚ ਤੋਂ ਬਚਾਉਣ ਅਤੇ ਕਦੀਮ ਤੋਂ ਚਲੀ ਆ ਰਹੀ ਨੌਂ ਗ੍ਰਿਹ ਆਦਿ ਦੀ ਵਹਿਮ ਪ੍ਰਸਤੀ ਵਿਚੋਂ ਸਿੱਖਾਂ ਨੂੰ ਕੱਢਣ ਲਈ ਇਕ ਨਵੀਂ ਮਰਯਾਦਾ ਦੇ ਰੂਪ ਵਿਚ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਜੀ (1666––1708 ਈ.) ਨੇ ਆਪਣੇ ਪੋਤਰੇ ਅਨੰਦ ਦੇ ਜਨਮ ਦੀ ਖ਼ੁਸ਼ੀ ਵਿਚ ਰਾਮ ਰਾਮਕਲੀ ਵਿਚ ਬਾਣੀ ਅਨੰਦ ਦਾ ਉਚਾਰਨ ਕੀਤਾ ਸੀ। ਅਨੰਦ ਦਾ ਭਾਵ ਖੁਸ਼ੀ ਜਾਂ ਸ਼ਾਦੀ ਹੈ, ਇਸੇ ਕਰਕੇ ਇਸ ਵਿਆਹ ਦਾ ਨਾਂ ਵੀ ‘ਅਨੰਦ ਕਾਰਜ’ ਪ੍ਰਸਿੱਧ ਹੋਇਆ।

          ਅਨੰਦ ਦੀ ਰਸਮ ਸਿੱਖਾਂ ਵਿਚ ਪਹਿਲੇ ਪਹਿਲ ਕਿਵੇਂ ਚੱਲੀ। ਇਸ ਬਾਰੇ ਕਈ ਕਿਸਮ ਦੇ ਕਿਆਸ ਹਨ। ਵਿਦਵਾਨਾਂ ਦੀ ਰਾਇ ਹੈ ਕਿ ਇਹ ਰਸਮ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਿਤ ਹੋਈ ਸੀ ਕਿਉਂਕਿ ਗੁਰੂ ਸਾਹਿਬ ਨੇ ਸੰਨ 1699 ਈ. ਵਿਚ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ ਸੀ ਅਤੇ ਜਨਮ ਤੋਂ ਲੈ ਕੇ ਮਰਨ ਤਕ ਸਿੱਖਾਂ ਦੇ ਸਾਰੇ ਹੀ ਰਸਮ-ਰਿਵਾਜ ਬਦਲ ਦਿੱਤੇ ਸਨ। ਅਨੰਦ ਕਾਰਜ ਦਾ ਜ਼ਿਕਰ ਉਸ ਸਮੇਂ ਦੀਆਂ ਧਾਰਮਿਕ ਵਿਧੀ-ਨਿਖੇਧ ਸਬੰਧੀ ਪੁਸਤਕਾਂ ਪ੍ਰੇਮ ਸੁਮਾਰਗ ਗ੍ਰੰਥ-ਪਾਤਸ਼ਾਹੀ 10, ਰਹਿਤਨਾਮਾ-ਭਾਈ ਦਇਆ ਸਿੰਘ, ਗੁਰ ਰਤਨ ਮਾਲ : ਸੌ ਸਾਖੀ ਭਾਈ ਸਾਹਿਬ ਸਿੰਘ ਤੇ ਸਿੱਖਾਂ ਦੀ ਭਗਤ ਮਾਲ ਭਾਈ ਮਨੀ ਸਿੰਘ ਸ਼ਹੀਦ ਵਿਚ ਮਿਲਦਾ ਹੈ।

          ਅਨੰਦ ਵਿਆਹ ਦੀ ਅਹਿਮੀਅਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਕਥਨ ਰਹਿਤਨਾਮਿਆਂ ਦੇ ਅਨੁਸਾਰ ਇਹ ਹੈ :––

          (1) “ਪ੍ਰਥਮੈ ਕੰਨਿਆ ਜਬ ਵਰ ਜੋਗ ਪ੍ਰਾਪਤ ਹੋਇ ਤਬ ਮਾਤਾ-ਪਿਤਾ ਕੋ ਚਾਹੀਐ ਜੋ ਉਸ ਕੇ ਸੰਜੋਗ ਕਾ ਉਦਮ ਕਰਨ। ਛੋਟੀ ਬਾਲਕੀ ਦਾ ਸੰਜੋਗ ਕਰਨਾ ਭਲਾ ਅਰ ਜੋਗ ਨਾਹੀ। ਸੰਯੋਗ ਐਸੀ ਕੁਲ ਵਿਖੈ ਕਰੈ ਜਿੱਥੇ ਸਿਖੀ ਅਕਾਲ ਪੁਰਖ ਦੀ ਹੋਵੇ; ਖ਼ਾਲਸਾ ਹੈ, ਗਰੀਬ ਹੈ, ਕਿਰਤੀ, ਤਹਾਂ ਸੰਯੋਗੀ ਬਿਨਾ ਪੁਛੇ ਕਰੋ। ਉਸ ਕੀ ਸ੍ਰੀ ਅਕਾਲ ਪੁਰਖ ਨਾਲ ਬਣ ਆਵੈ, ਮਾਯਾ ਧਨ ਦੇਖੇ ਨਾਹੀ। ਗੁਰੂ ਨਿਰੰਕਾਰ ਦੀ ਆਸ ਉੱਪਰ ਦੇਵੈ, ‘ਆਨੰਦ’ ਕਰੈ, ਗੁਰੂ ਭਾਵੈ ਤਾਂ ਬੇਟੀ ਸੁਖੀ ਹੋਵੇ ਅਤੇ ਮਾਤਾ-ਪਿਤਾ ਨੂੰ ਬਹੁਤ ਖੁਸ਼ੀ ਦੇਇਗੀ।”

          (ਪ੍ਰੇਮ ਸੁਮਾਰਗ ਪਾਤਸ਼ਾਹੀ 10)

          (2) “ਸੰਜੋਗ ਬਿਧਿ, ਜਿਸ ਕੋ ਵਿਆਹ ਕਰਦੇ ਹੈਨ, ਖ਼ਾਲਸੇ ਕੇ ਸੰਯੋਗ ਕਹਣਾ ਆਇਆ ਹੈ।”

(ਪ੍ਰੇਮ ਸੁਮਾਰਗ ਪਾਤਸ਼ਾਹੀ 10)।  

          ਸਿੱਖ ਧਰਮ ਸਬੰਧੀ ਕਈ ਹੋਰ ਰਹਿਤਨਾਮੇ ਤੇ ਧਰਮ-ਗ੍ਰੰਥ ਇਸ ਰਸਮ ਬਾਰੇ ਕੁਝ ਰੋਸ਼ਨੀ ਇਸ ਪ੍ਰਕਾਰ ਪਾਉਂਦੇ ਹਨ :––

          (1) “ਬਿਨਾ ਆਨੰਦ ਬਿਵਾਹ ਕੇ ਭੁਗਤੇ ਪਰ ਕੀ ਜੋਇ ॥

          ਸੁਣ, ਸਿੱਖਾ। ਗੁਰ ਕਹਿ ਥਕੇ, ਮੇਰਾ ਸਿੱਖ ਨਾ ਸੋਇ ॥”

(ਗੁਰ ਰਤਨ ਮਾਲ : ਸੌ ਸਾਖੀ)

          (2) “ਗੁਰ ਕਾ ਸਿਖ ….ਸਭ ਮਰਯਾਦਾ, ਗੁਰੂ ਕੀ ਅਰਦਾਸ ਸੇ ਕਰੇ। ਆਨੰਦ ਬਿਨਾ ਬਿਵਾਹ ਨਾ ਕਰੇ।” (ਰਹਿਤ ਨਾਮਾ ਭਾਈ ਦਇਆ ਸਿੰਘ)।

          (3) ….ਖਾਲਸੇ ਜੀ ਦੇ ਵਰਤਣ ਦੀਆਂ…(ਸਿੱਖਾਂ ਨੇ ਗੁਰੂ ਦਸਮ ਪਾਤਸ਼ਾਹ ਪਾਸ) ਦਸ ਰਹਿਤਾਂ ਲਿਖ ਕੇ ਗੁਜ਼ਾਰੀਆਂ। ਸਤਿਗੁਰ ਨੇ ਕ੍ਰਿਪਾ ਕਰਕੇ ਦਸਾਂ ਰਹਿਤਾਂ ਉੱਪਰ ਦਸਖਤ ਕੀਤੇ। ਸਿੱਖਾਂ ਦੀ ਸ਼ੰਕਾ ਨਿਵਿਰਤ ਕਰਨ ਵਾਸਤੇ ਪ੍ਰਿਥਮੇ ਏਹ ਲਿਖਯੋ ਨੇ ਜੋ, “ਸਿੱਖ ਕਹਦੇ ਹੈਨ ਜੇ ਤੁਸੀਂ ਆਨੰਦ ਪੜ ਕੇ ਵਿਆਹ ਕਰੋ, ਬ੍ਰਾਹਮਣਾਂ ਨੂੰ ਨਾ ਬੁਲਾਵੋ। ਜੀ ਸਚੇ ਪਾਤਸਾਹ। ਜਿਵੇਂ ਅਮਰ (ਹੁਕਮ) ਹੋਵੇ ? ਖ਼ਤ ਖਾਸ ਹੋਏ, ਆਨੰਦ ਪੜਣਾ, ਅਰਦਾਸ ਕਰਨੀ।” ਸਿੱਖਾਂ ਦੀ ‘ਭਗਤ ਮਾਲ’ ਕ੍ਰਿਤ ਭਾਈ ਮਨੀ ਸਿੰਘ ਸ਼ਹੀਦ, ਹੱਥ ਲਿਖਤ ਪ੍ਰਤੀ, ਪਤ੍ਰੇ (526-27)।

          ‘ਪ੍ਰੇਮ ਸੁਮਾਰਗ ਪਾਤਸ਼ਾਹੀ 10’ ਦੀ ਲਿਖਤ ਮੂਜਬ, ਜਿਵੇਂ ਕਿ ਪਿੱਛੇ ਹਵਾਲੇ ਦਿੱਤੇ ਗਏ ਹਨ, ਸੰਯੋਗ ਤੇ ਆਨੰਦ ਵਿਆਹ ਦੇ ਅਰਥ ਇਕੋ ਹੀ ਹਨ ਤੇ ਸਿੱਖਾਂ ਵਿਚ ਪੁਨਰ ਵਿਆਹ ਵੀ, ਜਿਸ ਦਾ ਸੰਕੇਤੀ ਨਾਉਂ ਪ੍ਰਸੰਜੋਗ ਹੈ, ਰਹਿਤਨਾਮਿਆਂ ਦੇ ਅਨੁਸਾਰ ਵਰਜਿਤ ਨਹੀਂ ਹੈ। ਸੰਜੋਗ (ਅਨੰਦ ਵਿਆਹ) ਤੇ ਪ੍ਰਸੰਜੋਗ (ਪੁਨਰ ਵਿਆਹ) ਦਾ ਵਰਣਨ ਗ੍ਰੰਥ ਪ੍ਰੇਮ ਸੁਮਾਰਗ ਵਿਚ ਖੋਲ੍ਹ ਕੇ ਦਿੱਤਾ ਹੋਇਆ ਹੈ।

          ਸਿੱਖ ਧਰਮ ਅਨੁਸਾਰ ਚਾਹੇ ਕਿਸੇ ਵੀ ਵਿਅਕਤੀ ਦਾ ਸੰਜੋਗ (ਅਨੰਦ ਵਿਆਹ) ਹੋਵੇ ਜਾਂ ਪ੍ਰਸੰਜੋਗ (ਪੁਨਰ ਵਿਆਹ) ਕਿਸੇ ਵੀ ਗ਼ੈਰ ਸਿੱਖ ਜਾਂ ਸਿੱਖੀ ਤੋਂ ਪਤਿਤ ਹੋਏ ਵਿਅਕਤੀ ਨਾਲ ਹੋਣਾ ਵਰਜਿਤ ਹੈ। ਗ੍ਰੰਥ ਪ੍ਰੇਮ ਸੁਮਾਰਗ ਪਾਤਸ਼ਾਹੀ 10 ਤੇ ਹੋਰ ਰਹਿਤਨਾਮਿਆਂ ਦੇ ਅਨੁਸਾਰ ਸਿੱਖਾਂ ਦੇ ਵਿਆਹ-ਸਬੰਧ ਬਿਨਾਂ ਕਿਸੇ ਜਾਤ-ਪਾਤ ਦੇ ਵਲ ਵਿਤਕਰੇ ਦੇ ਦੋਹੀਂ ਧਿਰੀਂ ਲੜਕੇ-ਲੜਕੀ ਦੇ ਗੁਣ, ਕਰਮ ਤੇ ਸੁਭਾਉ ਨੂੰ ਮੁੱਖ ਰੱਖ ਕੇ ਹੋਣੇ ਜੋਗ ਹਨ। ਭਾਈ ਦਇਆ ਸਿੰਘ ਨੇ, ਜੋ ਪੰਜਾ ਪਿਆਰਿਆਂ ਵਿਚੋਂ ਇਕ ਸੀ, ਆਪਣੇ ਰਹਿਤਨਾਮੇ ਵਿਚ ਗੁਰੂ ਸਾਹਿਬ ਦੇ ਇਸੇ ਕਥਨ ਦੀ ਪੁਸ਼ਟੀ ਕੀਤੀ ਹੈ ਤੇ ਲਿਖਿਆ ਹੈ ––

          “ਸਿਖ ਸਿਖ ਕੋ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ।”

          ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਨਾਮੀ ਪੁਸਤਕ ਵਿਚ ਆਨੰਦ-ਵਿਆਹ ਦੀ ਰੀਤੀ ਸੰਖੇਪ ਨਾਲ ਇਸ ਤਰ੍ਹਾਂ ਲਿਖੀ ਹੈ––

          (1) ਸਗਾਈ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਸੰਗਤਿ ਵਿਚ ਅਰਣਾਸ ਸੋਧ ਕੇ ਹੋਵੇ। (2) ਅਨੰਦ (ਕਾਰਜ) ਦਾ ਦਿਨ ਪੰਜਾਂ ਪਿਆਰਿਆਂ ਦੀ ਸਲਾਹ ਨਾਲ ਥਾਪਿਆ ਜਾਵੇ। (3) ਜਿਤਨੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਲੈ ਕੇ ਲਾੜਾ ਸੁਹਰੇ ਘਰ ਜਾਵੇ ਤੇ ਮਿਲਾਪ (ਮਿਲਣੀ) ਸਮੇਂ ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ‘ਹਮ ਘਰ ਸਾਜਨ ਆਏ’…ਆਦਿ ਗਾਏ ਜਾਣ। (4) ਫੇਰ ਅਮ੍ਰਿਤ ਵੇਲੇ ਆਸਾਂ ਦੀ ਵਾਰ ਦੇ ਭੋਗ ਪਿਛੋਂ ਅਰਦਾਸ ਹੋ ਕੇ ਲਾੜੇ ਤੇ ਲਾੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜ਼ਰੂਰੀ ਉਪਦੇਸ਼ ਦਿੱਤਾ ਜਾਵੇ। ਇਸ ਤੋਂ ਪਿਛੋਂ ਲਾਵਾਂ (ਸੂਹੀ ਛੰਤ ਮਹਲਾ 4) ਤੇ ਅਨੰਦ (ਰਾਮ ਰਾਮਕਲੀ ਮਹਲਾ 3) ਦੀਆਂ ਪੰਜ ਪਾਉੜੀਆਂ ਪੜ੍ਹ ਕੇ ਅਨੰਦ ਕਾਰਜ ਦੀ ਸਮਾਪਤੀ ਕੀਤੀ ਜਾਵੇ। (5) ਲੜਕੀ ਨੂੰ ਵਿਦਾ ਕਰਨ ਵੇਲੇ, ਜੋ ਧਨ, ਵਸਤ੍ਰ ਆਦਿ ਸਮਾਨ ਦੇਣਾ ਜ਼ਰੂਰੀ ਹੋਵੇ, ਉਸ ਨੂੰ ਦਿਖਾਉਣ ਦੀ ਰੀਤਿ ਹਉਮੈ ਭਰੀ ਹੈ। ਇਸ ਲਈ ਗੁਰ ਸਿਖਾਂ ਨੂੰ ਅਜਿਹੀ ਰੀਤਿ ਨਹੀਂ ਚਾਹੀਏ।

          ‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ।”

(ਸ੍ਰੀ ਰਾਮ ਛੰਤ ਮਹਲਾ ੪)

          18ਵੀਂ ਸਦੀ ਈਸਵੀ ਵਿਚ ਜਦ ਮੁਗ਼ਲੇਈ ਹਾਕਮਾਂ ਦੇ ਤਸ਼ੱਦਦ ਕਾਰਨ ਪੰਜਾਬ ਰਾਜ-ਰੌਲੇ ਦਾ ਘਰ ਬਣ ਗਿਆ ਤਾਂ ਇਹ ਅਨੰਦ ਵਿਆਹ ਦੀ ਰਸਮ ਕੁਝ ਸਮੇਂ ਲਈ ਅਲੋਪ ਜਿਹੀ ਹੋ ਗਈ ਤੇ ਬਹੁਤ ਸਾਰੇ ਸਹਿਜਧਾਰੀ ਸਿੱਖ ਸਮੇਂ ਦੇ ਅਧੀਨ ਹੋ ਕੇ ਕਈ ਪ੍ਰਕਾਰ ਦੀਆਂ ਪੁਰਾਣੀਆਂ ਰੀਤਾਂ ਰਸਮਾਂ ਅਪਣਾਉਣ ਲੱਗ ਪਏ। ਪਿਛੋਂ ਸਿੱਖ ਰਾਜ ਕਾਇਮ ਹੋਣ ਤੇ ਵੀ ਕੁਝ ਰਾਜ ਪ੍ਰਬੰਧ ਸਬੰਧੀ ਔਕੜਾਂ ਤੇ ਰੁਝੇਵਿਆਂ ਦੇ ਕਾਰਨ ਸਿੱਖ ਇਸ ਪਾਸੇ ਲੋੜੀਂਦਾਂ ਧਿਆਨ ਨਾ ਦੇ ਸਕੇ। ਆਖਰ ਕੁਝ ਚਿਰ ਪਿਛੋਂ ਬਾਬਾ ਦਿਆਲ ਜੀ (1783-1855 ਈ.) ਨੇ ਸੂਬਾ ਸਰਹੱਦ ਵਿਚ ਨਿਰੰਕਾਰੀ ਲਹਿਰ ਸਿੱਖਾਂ ਦੇ ਸਮਾਜਿਕ ਸੁਧਾਰ ਲਈ ਚਲਾਈ ਤੇ ਫੇਰ ਬਾਬਾ ਰਾਮ ਸਿੰਘ ਜੀ ਨਾਮਧਾਰੀ (1816-1885 ਈ.) ਨੇ ਪਿੰਡ ਭੈਣੀ ਜ਼ਿਲ੍ਹਾ ਲੁਧਿਆਣਾ ਤੋਂ ਨਾਮਧਾਰੀ ਲਹਿਰ ਸ਼ੁਰੂ ਕੀਤੀ ਤਾਂ ਸਿੱਖਾਂ ਵਿਚ ਕੁਝ ਨਵੇਂ ਸੁਧਾਰਾਂ ਦਾ ਮੁੱਖ ਬੱਝਣ ਤੇ ਨਵੇਂ ਸਿਰਿਉਂ ਅਨੰਦ ਵਿਆਹ ਦੀ ਰਸਮ ਪ੍ਰਚਲਿਤ ਹੋਈ। ਇਸ ਤੋਂ ਬਾਦ ਸ੍ਰੀ ਗੁਰੂ ਸਿੰਘ ਸਭਾ ਲਹਿਰ ਨੇ ਇਸੇ ਪ੍ਰਚਾਰ ਨੂੰ ਹੋਰ ਵੀ ਅੱਗੇ ਤੋਰਿਆ। ਕੁਝ ਨੁਕਤਾਚੀਨਾਂ ਨੇ ਅਨੰਦ ਵਿਆਹ ਨੂੰ ਗ਼ੈਰ ਕਾਨੂੰਨੀ ਦੱਸ ਕੇ ਅਯੋਗ ਕਰਾਰ ਦਿੱਤਾ ਤਾਂ ਸਿੱਖਾਂ ਲਈ ਅਨੰਦ ਵਿਆਹ ਬਾਰੇ ਕਾਨੂੰਨ ਬਣਾਉਣ ਦੀ ਲੋੜ ਪਈ। ਸਿੱਖਾਂ ਵਲੋਂ ਜ਼ੋਰ ਪਾਉਣ ਤੇ ਅਨੰਦ ਵਿਆਹ ਬਾਰੇ ਬਿੱਲ ਸੰਨ 1908 ਵਿਚ ਟਿੱਕਾ ਰਿਪੁਦਮਨ ਸਿੰਘ ਨਾਭਾ ਵਲੋਂ ਕੌਂਸਲ ਵਿਚ ਪੇਸ਼ ਹੋਇਆ ਜੋ ਸ. ਸੁੰਦਰ ਸਿੰਘ ਮਜੀਠਾ ਦੇ ਜਤਨ ਨਾਲ 22 ਅਕਤੂਬਰ 1909 ਨੂੰ ਪਾਸ ਹੋ ਗਿਆ। ਸਿੱਖਾਂ ਵਿਚ ਉਸ ਸਮੇਂ ਤੋਂ ਹੁਣ ਤਕ ਅਨੰਦ ਵਿਆਹ ਇਸੇ ਕਾਨੂੰਨ ਮੁਤਾਬਿਕ ਹੁੰਦੇ ਆ ਰਹੇ ਹਨ।

          ਹ. ਪੁ.––ਪ੍ਰੇਮ ਸ਼ੁਮਾਰਗ ਪਾਤਸ਼ਾਹੀ 10, ਹੱਥ ਲਿਖਿਤ ਪ੍ਰਤੀ, ਬ੍ਰਿਜੋਸ਼ ਭਵਨ, ਨਭਾ; ਭਾਈ ਸਾਹਿਬ ਸਿੰਘ, ਗੁਰ ਰਤਨ ਮਾਲ; ਸੌ ਸਾਖੀ, ਹੱਥ ਲਿਖਿਤ ਪ੍ਰਤੀ, ਕਵੀ ਸੈਨਾਪਤੀ; ਸ੍ਰੀ ਗੁਰੂ ਸਭਾ ਗ੍ਰੰਥ, ਸੰਪਾਦਕ, ਅਕਾਲੀ ਕੌਰ ਸਿੰਘ ਜੀ ਨਿਹੰਗ, ਭਾਈ ਨਾਨਕ ਸਿੰਘ, ਕ੍ਰਿਪਾਲ ਸਿੰਘ ਹਜ਼ੂਰੀਆ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ, ਸੰਮਤ 1982 ਬਿ ; ਭਾਈ ਨੰਦ ਲਾਲ, ਤਨਖ਼ਾਹਨਾਮਾ, ਸੰਮਤ 1884 ਬਿ. ਹੱਥ ਲਿਖਿਤ ਪ੍ਰਤੀ; ਭਾਈ ਮਨੀ ਸਿੰਘ ਸ਼ਹੀਦ, ਗੁਰ ਸਿੱਖਾਂ ਦੀ ਭਗਤ ਮਾਲ, ਹੱਥ ਲਿਖਿਤ ਪ੍ਰਤੀ; ਗੁ. ਪ੍ਰ ਸੂ. ਗ੍ਰੰ., ਖਾਲਸਾ ਸਮਾਚਾਰ, ਅੰਮ੍ਰਿਤਸਰ; ਭਾਈ ਕਾਨੁ ਸਿੰਘ ਨਾਭਾ, ਗੁਰਮਤਿ ਮਾਰਤੰਡ ਸੰਨ 1961 ਈ. ਅੰਮ੍ਰਿਤਸਰ; ਸਿਖ ਰਹਿਤ ਮਰਯਾਦਾ 1961, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ; ਪੰਜਾਬ ਸਰਕਾਰ, ਆਨੰਦ ਮੈਰਿਜ ਐਕਟ. 1909 ਈ. ਪੰਜਾਬ ਗਵਰਨਮੈਂਟ ਗਜ਼ਟ, (ਅੰਗੇਜ਼ੀ) 1909, ਜਿਲਦ ਚੌਥੀ; ਸਰ ਜੋਗਿੰਦਰ ਸਿੰਘ : Sikh Ceremonies, ਐਸ. ਐਸ ਅਮੋਲ. ਜੀਵਨ ਸੁਚੱਜਾ, ਅੰਮ੍ਰਿਤਸਰ; ਸ਼ਮਸ਼ੇਰ ਸਿੰਘ ਅਸ਼ੋਕ, ਪੰਜਾਬ ਦੀਆ ਲਹਿਰਾਂ, 1954 ਈ. ਪਟਿਆਲਾ; ਗਿਆਨੀ ਲਾਲ ਸਿੰਘ, ਆਨੰਦ ਮਰਯਾਦਾ ਪ੍ਰਕਾਸ਼, 1936, ਅੰਮ੍ਰਿਤਸਰ।


ਲੇਖਕ : ਸ਼ਮਸ਼ੇਰ ਸਿੰਘ ‘ਅਸ਼ੋਕ’,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਨੰਦ ਕਾਰਜ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੰਦ ਕਾਰਜ :  ਗੁਰਸਿੱਖ ਸੰਸਾਰ ਦਾ ਇਹ ਖੁਸ਼ੀਆਂ ਭਰਿਆ ਸੰਸਕਾਰ (ਰਸਮ) ਹੈ ਜਿਸ ਦੀ ਸ਼ੁਰੂਆਤ ਸਮਾਜ ਨੂੰ ਮੁੱਖ ਰੱਖ ਕੇ, ਵਿਆਹ ਸਮੇਂ ਫਾਲਤੂ ਖਰਚਾਂ ਨੂੰ ਘਟਾਉਣ ਲਈ, ਕਦੀਮ ਤੋਂ ਚਲੀ ਆ ਰਹੀ ਨੌਂ ਗ੍ਰਹਿਆਂ ਆਦਿ ਦੀ ਵਹਿਮ ਪ੍ਰਸਤੀ ਤੋਂ ਸਿੱਖਾਂ ਨੂੰ ਮੁਕਤ ਕਰਨ ਲਈ ਕੀਤੀ ਗਈ। 

        ਅਨੰਦ ਦੀ ਰਸਮ ਸਿੱਖਾਂ ਵਿਚ ਪਹਿਲੇ ਪਹਿਲ ਕਿਵੇਂ ਚੱਲੀ, ਇਸ ਬਾਰੇ ਕਈ ਕਿਸਮ ਦੇ ਕਿਆਸ ਹਨ। ਵਿਦਵਾਨਾਂ ਦੀ ਰਾਇ ਹੈ ਕਿ ਇਹ ਰਸਮ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਿਤ ਹੋਈ ਸੀ ਕਿਉਂ ਕਿ ਗੁਰੂ ਸਾਹਿਬ ਨੇ 1699 ਈ. ਵਿਚ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ ਸੀ ਅਤੇ ਜਨਮ ਤੋਂ ਲੈ ਕੇ ਮਰਨ ਤਕ ਸਿੱਖਾਂ ਦੇ ਸਾਰੇ ਹੀ ਰਸਮ-ਰਿਵਾਜ ਬਦਲ ਦਿੱਤੇ ਸਨ। ਅਨੰਦ ਕਾਰਜ ਦਾ ਜ਼ਿਕਰ ਉਸ ਸਮੇਂ ਦੀਆਂ ਧਾਰਮਿਕ ਵਿਧੀ-ਨਿਖੇਪ ਸਬੰਧੀ ਪੁਸਤਕਾਂ ਪ੍ਰੇਮ ਸੁਮਾਰਗ ਗ੍ਰੰਥ, ਰਹਿਤਨਾਮਾ-ਭਾਈ ਦਇਆ ਸਿੰਘ, ਗੁਰ ਰਤਨ ਮਾਲਾ, ਸੌ ਸਾਖੀ-ਭਾਈ ਸਾਹਿਬ ਸਿੰਘ ਤੇ ਸਿੱਖਾਂ ਦੀ ਭਗਤ ਮਾਲਾ-ਭਾਈ ਮਨੀ ਸਿੰਘ ਸ਼ਹੀਦ ਵਿਚ ਮਿਲਦਾ ਹੈ।

        ਇਸ ਰਸਮ ਅਨੁਸਾਰ ਲਾੜਾ ਤੇ ਉਸ ਦੇ ਖੱਬੇ ਹੱਥ ਲੜਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਦੇ ਹਨ। ਅਰਦਾਸ ਕਰ ਕੇ ਲੜਕੇ-ਲੜਕੀ ਨੂੰ ਸਿੱਖ ਧਰਮ ਅਨੁਸਾਰ ਗ੍ਰਿਹਸਤ ਸਬੰਧੀ ਸਿੱਖਿਆ ਦਿੱਤੀ ਜਾਂਦੀ ਹੈ। ਫਿਰ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਇਕ ਕਰ ਕੇ ਪੜ੍ਹੀਆਂ ਜਾਂਦੀਆਂ ਹਨ। ਇਕ ਲਾਂਵ ਪੜ੍ਹੀ ਜਾਣ ਤੋਂ ਪਿਛੋਂ ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪ੍ਰਕਰਮਾ ਕਰਦੇ ਹਨ। ਉਨ੍ਹਾਂ ਚਿਰ ਰਾਗੀ ਰਾਗ ਵਿਚ ਉਸੀ ਲਾਂਵ ਦਾ ਕੀਰਤਨ ਕਰਦੇ ਹਨ। ਇਉਂ ਚਾਰੇ ਲਾਵਾਂ ਪੜ੍ਹਨ ਪਿੱਛੋਂ ਲੜਕੇ ਲੜਕੀ ਦੇ ਬੈਠਿਆ ਹੀ ਅਨੰਦੁ ਸਾਹਿਬ ਤੇ ਦੋ ਸ਼ਬਦ 'ਵਿਆਹ ਹੋਆ ਮੇਰੇ ਬਾਬਲਾ' ਅਤੇ 'ਪੂਰੀ ਆਸਾ ਜੀ ਮੇਰੀ ਮਨਸਾ' ਗਾਏ ਜਾਂਦੇ ਹਨ ਅਤੇ ਫਿਰ ਅਨੰਦ ਸਾਹਿਬ ਪੜ੍ਹਨ ਪਿੱਛੋਂ (ਇਹ ਦੂਜੀ ਵੇਰ ਦਾ ਅਨੰਦ ਸਾਹਿਬ ਸਮਾਗਮ ਦੇ ਭੋਗ ਲਈ ਹੈ) ਅਰਦਾਸ ਹੁੰਦੀ ਹੈ।

        ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ  ਨਾਮੀ ਪੁਸਤਕ ਵਿਚ ਅਨੰਦ ਵਿਆਹ ਦੀ ਰੀਤੀ ਸੰਖੇਪ ਨਾਲ ਇਸ ਤਰ੍ਹਾਂ ਲਿਖੀ ਹੈ–

        (1) ਸਗਾਈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤਿ ਵਿਚ ਅਰਦਾਸ ਸੋਧ ਕੇ ਹੋਵੇ। (2) ਅਨੰਦ (ਕਾਰਜ) ਦਾ ਦਿਨ ਪੰਜਾਂ ਪਿਆਰਿਆਂ ਦੀ ਸਲਾਹ ਨਾਲ ਥਾਪਿਆ ਜਾਵੇ। (3) ਜਿਤਨੇ ਆਦਮੀ ਲੜਕੀ ਵਾਲਾ ਮੰਗਾਵੇ ਉਤੇਨ ਲੈ ਕੇ ਲਾੜਾ ਸਹੁਰੇ ਘਰ ਜਾਵੇ ਤੇ ਮਿਲਾਪ (ਮਿਲਣੀ) ਸਮੇਂ ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ 'ਹਮ ਘਰ ਸਾਜਨ ਆਏ' .....ਆਦਿ ਗਾਏ ਜਾਣ । (4) ਫੇਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਭੋਗ ਪਿੱਛੋਂ ਅਰਦਾਸ ਹੋ ਕੇ ਲਾੜੇ ਤੇ ਲਾੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜ਼ਰੂਰੀ ਉਪਦੇਸ਼ ਦਿੱਤਾ ਜਾਵੇ। ਇਸ ਤੋਂ ਪਿਛੋਂ ਲਾਵਾਂ (ਸੂਹੀ ਛੰਤ ਮਹਲਾ ੪) ਤੇ ਅਨੰਦ (ਰਾਗ ਰਾਮਕਲੀ ਮਹਲਾ ੩) ਦੀਆਂ ਪੰਜ ਪਉੜੀਆਂ ਪੜ੍ਹ ਕੇ ਅਨੰਦ ਕਾਰਜ ਦੀ ਸਮਾਪਤੀ ਕੀਤੀ ਜਾਵੇ। (5) ਲੜਕੀ ਨੂੰ ਵਿਦਾ ਕਰਨ ਵੇਲੇ ਜੋ ਧਨ ਵਸਤਰ ਆਦਿ ਸਮਾਨ ਦੇਣਾ ਜ਼ਰੂਰੀ ਹੋਵੇ, ਉਸ ਨੂੰ ਦਿਖਾਉਣ ਦੀ ਰੀਤਿ ਨਾ ਹੋਵੇ।

        'ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚ ਪਾਜੋ ǁ      (ਸ੍ਰੀ ਰਾਗ ਛੰਤ ਮਹਲਾ ੪)

        ਅਨੰਦ ਵਿਆਹ ਦੀ ਅਹਿਮੀਅਤ ਬਾਰੇ  ਕਥਨ ਰਹਿਤ-ਨਾਮਿਆਂ ਆਦਿਕ ਦੇ ਅਨੁਸਾਰ ਇਹ ਹੈ :–

        (1) ' ' ਪ੍ਰਥਮੈ ਕੰਨਿਆ ਜਬ ਵਰ ਜੋਗ ਪ੍ਰਾਪਤ ਹੋਇ ਤਬ ਮਾਤਾ ਪਿਤਾ ਕੋ ਚਾਹੀਐ ਜੋ ਉਸ ਕੇ ਸੰਜੋਗ ਕਾ ਉਦਮ ਕਰਨ। ਛੋਟੀ ਬਾਲਕੀ ਦਾ ਸੰਜੋਗ ਕਰਨਾ ਭਲਾ ਅਰ ਜੋਗ ਨਾਹੀ।ਸੰਯੋਗ ਐਸੀ ਕੁਲ ਵਿਖੈ ਕਰੈ ਜਿੱਥੇ ਸਿਖੀ ਅਕਾਲ ਪੁਰਖ ਦੀ ਹੋਵੇ; ਖ਼ਾਲਸਾ ਹੈ, ਗਰੀਬ ਹੈ, ਕਿਰਤੀ, ਤਹਾਂ ਸੰਯੋਗੀ ਬਿਨਾ ਪੁਛੇ ਕਰੋ। ਉਸ ਦੀ ਸ੍ਰੀ ਅਕਾਲ ਪੁਰਖ ਨਾਲ ਬਣ ਆਵੈ, ਮਾਯਾ ਧਨ ਦੇਖੇ ਨਾਹੀ । ਗੁਰੂ ਨਿਰੰਕਾਰ ਦੀ ਆਸ ਉਪਰ ਦੇਵੈ, 'ਆਨੰਦ' ਕਰੈ, ਗੁਰੂ ਭਾਵੇ ਤਾਂ ਬੇਟੀ ਸੁਖੀ ਹੋਵੇ ਅਤੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਦੇਇਗੀ । ' '                                                   (ਪ੍ਰੇਮ ਸੁਮਾਰਗ)

        (2) ' ' ਸੰਜੋਗ ਬਿਧਿ, ਜਿਸ ਕੋ ਵਿਆਹ ਕਰਦੇ ਹਨ, ਖਾਲਸੇ ਕੇ ਸੰਜੋਗ ਕਹਣਾ ਆਇਆ ਹੈ। ' '              (ਪ੍ਰੇਮ ਸੁਮਾਰਗ)

ਸਿੱਖ ਧਰਮ ਨਾਲ ਸਬੰਧਤ ਕਈ ਹੋਰ ਰਹਿਤਨਾਮੇ ਤੇ ਧਰਮ-ਗ੍ਰੰਥ ਇਸ ਰਸਮ ਬਾਰੇ ਕੁਝ ਰੌਸ਼ਨੀ ਇਸ ਪ੍ਰਕਾਰ ਪਾਉਂਦੇ ਹਨ :–

        (1) ' ' ਬਿਨਾ ਆਨੰਦ ਬਿਵਾਹ ਕੇ ਭੁਗਤੇ ਪਰ ਕੀ ਜੋਇ ǁ ' '

        (2) ' ' ਗੁਰੂ ਕਾ ਸਿੱਖ ... ਸਭ ਮਰਯਾਦਾ, ਗੁਰੂ ਕੀ ਅਰਦਾਸ ਸੇ ਕਰੇ। ਆਨੰਦ ਬਿਨਾ ਬਿਵਾਹ ਨਾ ਕਰੇ। ' '

                                                                         (ਰਹਿਤ ਨਾਮਾ-ਭਾਈ ਦਇਆ ਸਿੰਘ)

        (3) .... ਖਾਲਸੇ ਜੀ ਦੇ ਵਰਤਨ ਦੀਆਂ ... (ਸਿੱਖਾਂ ਨੇ ਗੁਰੂ ਦਸਮ ਪਾਤਸ਼ਾਹ ਪਾਸ) ਦਸ ਰਹਿਤਾਂ ਲਿਖ ਕੇ ਗੁਜ਼ਾਰੀਆਂ। ਸਤਿਗੁਰ ਨੇ ਕ੍ਰਿਪਾ ਕਰਕੇ ਦਸਾਂ ਰਹਿਤਾਂ ਉਪਰ ਦਸਖ਼ਤ ਕੀਤੇ। ਸਿੱਖਾਂ ਦੀ ਸ਼ੰਕਾ ਨਿਵਿਰਤ ਕਰਨ ਵਾਸਤੇ ਪ੍ਰਿਥਮੇ ਏਹ ਲਿਖਯੋ ਨੇ ਜੋ, ' ' ਸਿੱਖ ਕਹਦੇ ਹੈਨ ਜੇ ਤੁਸੀਂ ਆਨੰਦ ਪੜ ਕੇ ਵਿਆਹ ਕਰੋ, ਬ੍ਰਾਹਮਣਾਂ ਨੂੰ  ਨਾ ਬੁਲਾਵੋ। ਜੀ ਸਚੇ ਪਾਤਸ਼ਾਹ। ਜਿਵੇਂ ਅਮਰ (ਹੁਕਮ) ਹੋਵੇ ? ਖ਼ਤ ਖਾਸ ਹੋਏ, ਆਨੰਦ ਪੜਣਾ, ਅਰਦਾਸ ਕਰਨੀ।  ' ' ਸਿੱਖਾਂ ਦੀ 'ਭਗਤ ਮਾਲ' ਕ੍ਰਿਤ ਭਾਈ ਮਨੀ ਸਿੰਘ ਸ਼ਹੀਦ, (ਹੱਥ ਲਿਖਤ, ਪਤ੍ਰੇ 526-27)।

        'ਪ੍ਰੇਮ ਸੁਮਾਰਗ' ਦੀ ਲਿਖਤ ਮੂਜਬ ਜਿਵੇਂ ਕਿ ਪਿੱਛੇ ਹਵਾਲੇ ਦਿੱਤੇ ਗਏ ਹਨ, ਸੰਯੋਗ ਤੇ ਆਨੰਦ ਵਿਆਹ ਦੇ ਅਰਥ ਇਕੋ ਹੀ ਹਨ ਤੇ ਸਿੱਖਾਂ ਵਿਚ ਪਨੁਰ ਵਿਆਹ ਵੀ ਜਿਸ ਦਾ ਸੰਕੇਤੀ ਨਾਉਂ ਪ੍ਰਸੰਜੋਗ ਹੈ, ਰਹਿਤਨਾਮਿਆਂ ਦੇ ਅਨੁਸਾਰ ਵਰਜਿਤ ਨਹੀਂ ਹੈ। ਸੰਜੋਗ (ਅਨੰਦ ਵਿਆਹ) ਤੇ ਪ੍ਰਸੰਜੋਗ (ਪੁਨਰ ਵਿਆਹ) ਦੇ ਵਰਣਨ ਗ੍ਰੰਥ ਪ੍ਰੇਮ ਸੁਮਾਰਗ ਵਿਚ ਖੋਲ੍ਹ ਕੇ ਦਿੱਤਾ ਹੋਇਆ ਹੈ।

        ਸਿੱਖ ਧਰਮ ਅਨੁਸਾਰ ਚਾਹੇ ਕਿਸੇ ਵੀ ਵਿਅਕਤੀ ਦਾ ਸੰਜੋਗ ( ਅਨੰਦ ਵਿਆਹ ) ਹੋਵੇ ਜਾਂ ਪ੍ਰਸੰਜੋਗ (ਪੁਨਰ ਵਿਆਹ) ਕਿਸੇ ਵੀ ਗ਼ੈਰ ਸਿੱਖ ਜਾਂ ਸਿੱਖੀ ਤੋਂ ਪਤਿਤ ਹੋਏ ਵਿਅਕਤੀ ਨਾਲ ਹੋਣਾ ਵਰਜਿਤ ਹੈ। ਗ੍ਰੰਥ ਪ੍ਰੇਮ ਸੁਮਰਾਗ ਅਤੇ ਹੋਰ ਰਹਿਤਨਾਮਿਆਂ ਦੇ ਅਨੁਸਾਰ ਸਿੱਖਾਂ ਦੇ ਵਿਆਹ ਸਬੰਧ ਬਿਨਾ ਕਿਸੇ ਜਾਤ-ਪਾਤ ਦੇ ਵਲ ਵਿਤਕਰੇ ਦੇ ਦੋਹੀਂ ਧਿਰੀਂ ਲੜਕੇ-ਲੜਕੀ ਦੇ ਗੁਣ, ਕਰਮ ਤੇ ਸੁਭਾਅ ਨੂੰ ਮੁੱਖ ਰੱਖ ਕੇ ਹੋਣ, ਯੋਗ ਹਨ। ਭਾਈ ਦਇਆ ਸਿੰਘ ਜੀ ਨੇ ਜੋ ਪੰਜ ਪਿਆਰਿਆਂ ਵਿਚੋਂ ਇਕ ਸੀ, ਆਪਣੇ ਰਹਿਤਨਾਮੇ ਵਿਚ ਗੁਰੂ ਸਾਹਿਬ ਦੇ ਇਸੇ ਕਥਨ ਦੀ ਪਸ਼ਟੀ ਕੀਤੀ ਹੈ ਤੇ ਲਿਖਿਆ ਹੈ–

        ' ' ਸਿਖ ਸਿਖ ਕੋ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ। ' '

        18 ਵੀਂ ਸਦੀ ਈਸਵੀ ਵਿਚ ਜਦ ਮੁਗ਼ਲਈ ਹਾਕਮਾਂ ਦੇ ਤਸ਼ੱਦਦ ਕਾਰਨ ਪੰਜਾਬ ਰਾਜ-ਰੌਲੇ ਦਾ ਘਰ ਬਣ ਗਿਆ ਤਾਂ ਇਹ ਅਨੰਦ ਵਿਆਹ ਦੀ ਰਸਮ ਕੁਝ ਸਮੇਂ ਲਈ ਅਲੋਪ ਜਿਹੀ ਹੋ ਗਈ ਤੇ ਬਹੁਤ ਸਾਰੇ ਸਹਿਜਧਾਰੀ ਸਿੱਖ ਸਮੇਂ ਦੇ ਅਧੀਨ ਹੋ ਕੇ ਕਈ ਪ੍ਰਕਾਰ ਦੀਆਂ ਪੁਰਾਣੀਆਂ ਰੀਤਾਂ ਰਸਮਾਂ ਅਪਣਾਉਣ ਲੱਗ ਪਏ। ਪਿੱਛੋਂ ਸਿੱਖ ਰਾਜ ਕਾਇਮ ਹੋਣ ਤੇ ਵੀ ਕੁਝ ਰਾਜ ਪ੍ਰਬੰਧ ਸਬੰਧੀ ਔਕੜਾਂ ਤੇ ਰੁਝੇਵਿਆਂ ਦੇ ਕਾਰਨ ਸਿੱਖ ਇਸ ਪਾਸੇ ਲੋੜੀਂਦਾ ਧਿਆਨ ਨਾ ਦੇ ਸਕੇ। ਆਖਰ ਕੁਝ ਚਿਰ ਪਿਛੋਂ ਬਾਬਾ ਦਿਆਲ ਜੀ (1783-1855 ਈ. ਨੇ ਸੂਬਾ ਸਰਹੱਦ ਵਿਚ ਨਿਰੰਕਾਰੀ ਲਹਿਰ ਸਿੱਖਾਂ ਦੇ ਸਮਾਜਿਕ ਸੁਧਾਰ ਲਈ ਚਲਾਈ ਤੇ ਫੇਰ ਬਾਬਾ ਰਾਮ ਸਿੰਘ ਜੀ ਨਾਮਧਾਰੀ (1816-1885 ਈ.) ਨੇ ਪਿੰਡ ਭੈਣੀ, ਸਾਹਿਬ, ਜ਼ਿਲ੍ਹਾ ਲੁਧਿਆਣਾ ਤੋਂ ਨਾਮਧਾਰੀ ਲਹਿਰ ਸ਼ੁਰੂ ਕੀਤੀ ਤਾਂ ਸਿੱਖਾਂ ਵਿਚ ਕੁਝ ਨਵੇਂ ਸੁਧਾਰਾ ਦਾ ਮੁੱਢ ਬੱਝਣ ਤੇ ਨਵੇਂ ਸਿਰਿਉਂ ਅਨੰਦ ਵਿਆਹ ਦੀ ਰਸਮ ਪ੍ਰਚਲਿਤ ਹੋਈ। ਇਸ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਲਹਿਰ ਨੇ ਇਸੇ ਪ੍ਰਚਾਰ ਨੂੰ ਹੋਰ ਵੀ ਅੱਗੇ ਤੋਰਿਆ । ਕੁਝ ਨੁਕਤਾਚੀਨਾਂ ਨੇ ਅਨੰਦ ਵਿਆਹ ਨੂੰ ਗ਼ੈਰ ਕਾਨੂੰਨੀ ਦੱਸ ਕੇ ਅਯੋਗ ਕਰਾਰ ਦਿੱਤਾ ਤਾ ਸਿੱਖਾਂ ਲਈ ਅਨੰਦ ਵਿਆਹ ਬਾਰੇ ਕਾਨੂੰਨ ਬਣਾਉਣ ਦੀ ਲੋੜ ਪਈ। ਸਿੱਖਾਂ ਵੱਲੋਂ ਜ਼ੋਰ ਪਾਉਣ ਤੇ ਅਨੰਦ ਵਿਆਹ ਬਾਰੇ ਬਿੱਲ ਸੰਨ 1908 ਵਿਚ ਟਿੱਕਾ ਰਿਪੁਦਮਨ ਸਿੰਘ ਨਾਭਾ ਵੱਲੋਂ ਕੌਂਸਲ ਵਿਚ ਪੇਸ਼ ਹੋਇਆ ਜੋ ਸ. ਸੁੰਦਰ ਸਿੰਘ ਮਜੀਠੀਆ ਦੇ ਯਤਨ ਨਾਲ 22 ਅਕਤੂਬਰ, 1909 ਨੂੰ ਪਾਸ  ਹੋ ਗਿਆ। ਸਿੱਖਾਂ ਵਿਚ ਉਸ ਸਮੇਂ ਤੋਂ ਹੁਣ ਤਕ ਅਨੰਦ ਕਾਰਜ ਇਸੇ ਕਾਨੂੰਨ ਮੁਤਾਬਕ ਹੁੰਦੇ ਆ ਰਹੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-04-59-14, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ: 1. 383 ; ਮ. ਕੋ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.